ਸਮਰਾਲਾ ਦੇ ਭਾਰਤੀ ਪੈਲਸ ਵਿਖੇ ਸਾਵਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਿਸ ਵਿੱਚ ਸਾਬਕਾ ਵਿਧਾਇਕ ਦੀ ਧਰਮ ਪਤਨੀ ਹਲਕਾ ਵਿਧਾਇਕ ਦੀ ਧਰਮ ਪਤਨੀ ਅਤੇ ਨਗਰ ਕੌਂਸਲ ਦੀਆਂ ਮਹਿਲਾ ਕੌਂਸਲਰਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਪੰਜਾਬੀ ਵਿਰਸਾ ਲੇਡੀਜ਼ ਕਲੱਬ ਵੱਲੋਂ ਕਰਵਾਏ ਗਏ ਇਸ 7ਵੇਂ ਤੀਆਂ ਦਾ ਤੀਜ ਮੇਲੇ ਵਿੱਚ 300 ਤੋਂ ਵਧੇਰੇ ਮਹਿਲਾਵਾਂ ਨੇ ਭਾਗ ਲਿਆ ਅਤੇ ਬੋਲੀਆਂ ਅਤੇ ਗਿੱਦਾ ਪਾ ਕੇ ਖੁਸ਼ੀ ਸਾਂਝੀ ਕੀਤੀ।
ਇਸ ਮੌਕੇ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਮੁਟਿਆਰਾਂ ਨੇ ਪੰਜਾਬੀ ਗਾਣਿਆਂ ’ਤੇ ਖੂਬ ਡਾਂਸ ਕੀਤਾ। ਇਸ ਮੌਕੇ ਪੰਜਾਬੀ ਵਿਰਸਾ ਲੇਡੀਜ਼ ਕਲੱਬ ਦੀ ਪ੍ਰਧਾਨ ਕੌਂਸਲਰ ਸੁਰਿੰਦਰ ਕੌਰ ਕੋਫੀ ਨੇ ਸਾਰੀਆਂ ਮਹਿਲਾਵਾਂ ਦਾ ਸਵਾਗਤ ਕੀਤਾ ਅਤੇ ਜੇਤੂ ਮੁਟਿਆਰਾਂ ਨੂੰ ਇਨਾਮ ਵੀ ਦਿੱਤੇ ਗਏ।
ਇਸ ਮੌਕੇ ਕੌਂਸਲਰ ਸੁਰਿੰਦਰ ਕੌਰ ਕਾਫੀ ਨੇ ਦੱਸਿਆ ਕਿ ਅੱਜਕੱਲ ਦੀ ਨੌਜਵਾਨ ਪੀੜੀ ਅਤੇ ਬੱਚੇ ਆਪਣੇ ਪੁਰਾਤਨ ਪੰਜਾਬੀ ਵਿਰਸੇ ਨੂੰ ਭੁਲਦੇ ਜਾ ਰਹੇ ਹਨ। ਪੁਰਾਣੇ ਸਮੇਂ ਵਿੱਚ ਤੀਆਂ ਦੇ ਮੌਕੇ ਤੇ ਵਿਆਹੀਆਂ ਕੁੜੀਆਂ ਅਤੇ ਕੁਆਰੀਆਂ ਕੁੜੀਆਂ ਇਕੱਠੀਆਂ ਹੋ ਕੇ ਬੋਲੀਆਂ ਪਾਂਦੀਆਂ, ਚਰਖੇ ਕੱਤਦੀਆਂ, ਫੁਲਕਾਰੀ ਕੱਢਦੀਆਂ, ਹੱਸਦੀਆਂ ਖੇਡਦੀਆਂ ਸਨ ਪਰ ਅੱਜਕੱਲ੍ਹ ਦੇ ਮੋਬਾਈਲ ਯੁੱਗ ਨੇ ਇਹ ਸਭ ਕੁਝ ਭੁਲਾ ਦਿੱਤਾ।
ਇਸ ਪੁਰਾਣੇ ਅਮੀਰ ਵਿਰਸੇ ਨੂੰ ਬੱਚਿਆਂ ਨੂੰ ਜਾਣੂ ਕਰਾਉਣ ਲਈ ਤੀਜ ਦੀਆਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਚਰਖਾ, ਸੱਗੀ ਫੁੱਲ, ਫੁਲਕਾਰੀ, ਸਲਵਾਰ ਸੂਟ, ਲਹਿੰਗਾ ਸੂਟ ਅਤੇ ਪੰਜਾਬੀ ਜੁੱਤੀ ਬਾਰੇ ਦੱਸਿਆ ਗਿਆ ਕਿਉਂਕਿ ਜਿਆਦਾਤਰ ਬੱਚੇ ਅੱਜ ਕੱਲ ਜੀਨ ਦੀਆਂ ਪੈਂਟਾਂ, ਟੋਪ, ਅਤੇ ਵੈਸਟਰਨ ਪਹਿਰਾਵੇ ਹੀ ਪਹਿਨਦੇ ਹਨ ਜਦੋਂ ਤੱਕ ਅਸੀਂ ਇਹਨਾਂ ਬੱਚਿਆਂ ਨੂੰ ਆਪਣੇ ਪੰਜਾਬੀ ਪੁਰਾਣੇ ਪਹਿਰਾਵੇ ਨਾਲ ਜਾਣੂ ਨਹੀਂ ਕਰਾਵਾਂਗੇ ਤਾਂ ਬੱਚਿਆਂ ਨੂੰ ਇਹਨਾਂ ਬਾਰੇ ਨਹੀਂ ਪਤਾ ਲੱਗੇਗਾ ਇਸ ਲਈ ਸਾਡੀ ਕਲੱਬ ਪੰਜਾਬੀ ਵਿਰਸਾ ਲੇਡੀਜ਼ ਕਲੱਬ ਵੱਲੋਂ 7ਵਾਂ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।