ਜਲੰਧਰ ਸਿਵਲ ਹਸਪਤਾਲ ਦਾ ਐਸਐਮਓ ਸਮੇਤ ਤਿੰਨ ਅਧਿਕਾਰੀ ਸਸਪੈਂਡ; ਆਕਸੀਜਨ ਮਾਮਲੇ ਨੂੰ ਲੈ ਕੇ ਸਿਹਤ ਮੰਤਰੀ ਨੇ ਕੀਤਾ ਐਕਸ਼ਨ; ਮੰਤਰੀ ਦੇ ਐਕਸ਼ਨ ਤੋਂ ਬਾਅਦ ਐਮਐਸ ਡਾ. ਰਾਜ ਕੁਮਾਰ ਦਾ ਬਿਆਨ

0
4

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਲੰਧਰ ਸਿਵਲ ਹਸਪਤਾਲ ਵਿਚ ਤਿੰਨ ਮਰੀਜ਼ਾਂ ਦੀ ਮੌਤ ਦੇ ਮਾਮਲੇ ਵਿਚ ਹਸਪਤਾਲ ਦੇ ਐਮਐਸ ਡਾ. ਰਾਜ ਕੁਮਾਰ, ਐਸਐਮਓ ਡਾ. ਸੁਰਜੀਤ ਸਿੰਘ ਅਤੇ ਡਾ. ਸੋਨਾਕਸ਼ੀ  ਨੂੰ ਮੁਅੱਤਲ ਕਰ ਦਿੱਤਾ ਐ। ਸਿਹਤ ਮੰਤਰੀ ਨੇ ਇਹ ਕਾਰਵਾਈ ਇਸ ਮਾਮਲੇ ਵਿਚ ਅਧਿਕਾਰੀਆਂ ਦੀ ਲਾਪ੍ਰਵਾਹੀ ਸਾਹਮਣੇ ਆਉਣ ਬਾਅਦ ਕੀਤੀ ਐ। ਇਸੇ ਦੌਰਾਨ ਸਿਵਲ ਹਸਪਤਾਲ ਦੇ ਐਮਐਸ ਡਾ. ਰਾਜ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਐ।
ਆਪਣੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਹਾਊਸ ਸਰਜਨ ਡਾ. ਸ਼ਮਿੰਦਰ ਸਿੰਘ ਘਟਨਾ ਦੌਰਾਨ ਡਿਊਟੀ ‘ਤੇ ਮੌਜੂਦ ਨਹੀਂ ਸਨ ਅਤੇ ਉਹ ਬਿਨਾਂ ਦੱਸੇ ਡਿਊਟੀ ਤੋਂ ਘਰ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਡਾਕਟਰਾਂ ਦਾ 6 ਮਹੀਨੇ ਦਾ ਇਕਰਾਰਨਾਮਾ ਹੈ ਅਤੇ ਸਹੀ ਢੰਗ ਨਾਲ ਕੰਮ ਕਰਨ ਤੋਂ ਬਾਅਦ ਇਨ੍ਹਾਂ ਨੂੰ ਸਥਾਈ ਕਰ ਕੇ ਤਨਖਾਹ 37 ਹਜ਼ਾਰ ਤੋਂ 70  ਹਜ਼ਾਰ ਕਰ ਦਿੱਤੀ ਜਾਂਦੀ ਹੈ ਪਰ ਕੰਮ ਵਿੱਚ ਲਾਪਰਵਾਹੀ ਬਦਲੇ ਡਾ. ਸ਼ਮਿੰਦਰ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਹਤ ਮੰਤਰੀ ਵੱਲੋਂ ਉਨ੍ਹਾਂ ਵਿਰੁਧ ਕੀਤੀ ਗਈ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਐ।
ਦਰਅਸਲ, ਆਕਸੀਜਨ ਪਲਾਂਟ ਵਿੱਚ ਸਮੱਸਿਆ ਮਾਮਲੇ ਸਬੰਧੀ 9 ਮੈਂਬਰੀ ਕਮੇਟੀ ਬਣਾਈ ਗਈ ਸੀ, ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ, ਸਿਹਤ ਮੰਤਰੀ ਡਾ. ਬਲਬੀਰ ਨੇ ਕਿਹਾ ਕਿ ਅਸੀਂ ਆਕਸੀਜਨ ਨਾਲ ਜਾਨਾਂ ਨਹੀਂ ਬਚਾ ਸਕੇ। ਪਰ ਉਨ੍ਹਾਂ ਮੰਨਿਆ ਕਿ ਇਸ ਘਟਨਾ ਵਿੱਚ ਪ੍ਰਬੰਧਨ ਪੱਧਰ ‘ਤੇ ਵੱਡੀ ਲਾਪਰਵਾਹੀ ਹੋਈ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਪਲਾਂਟ ਤੋਂ ਦੋ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਦਬਾਅ ਘਟਾਉਣ ਦੇ ਮਾਮਲੇ ਵਿੱਚ ਬੈਕਅੱਪ ਵੀ ਹੈ। ਇਸ ਲਾਪ੍ਰਵਾਹੀ ਦੇ  ਚਲਦਿਆਂ ਐਮਐਸ ਡਾ. ਰਾਜ ਕੁਮਾਰ, ਐਸਐਮਓ ਡਾ. ਸੁਰਜੀਤ ਸਿੰਘ ਅਤੇ ਡਾ. ਸੋਨਾਕਸ਼ੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਉਹ ਜਾਂਚ ਵਿੱਚ ਦੋਸ਼ੀ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ।
ਸਿਹਤ ਮੰਤਰੀ ਨੇ ਮੰਨਿਆ ਕਿ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਮੰਤਰੀ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਅਸਹਿਣਯੋਗ ਗਲਤੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਉਹ ਖੁਦ ਮੌਕੇ ‘ਤੇ ਗਏ ਸਨ, ਜਿੱਥੇ ਤਕਨੀਕੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਹਸਪਤਾਲ ਵਿੱਚ 49 ਅੰਦਰੂਨੀ ਮੈਡੀਕਲ ਅਫਸਰ, 46 ਟਰੇਨੀ ਡਾਕਟਰ, 14 ਹਾਊਸ ਸਰਜਨ ਅਤੇ 17 ਮੈਡੀਕਲ ਅਫਸਰ ਡਿਊਟੀ ‘ਤੇ ਹਨ। ਇੰਨਾ ਸਾਰਾ ਸਟਾਫ ਹੋਣ ਦੇ ਬਾਵਜੂਦ ਵੀ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਕਿ ਬਹੁਤ ਚਿੰਤਾਜਨਕ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਜਾਵੇਗੀ, ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਸਾਰਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here