ਮਲੇਰਟੋਕਲਾ ਨੇੜਲੇ ਪਿੰਡ ਮਾਣਕਵਾਲ ਵਿਖੇ ਅੱਜ ਹਾਲਾਤ ਉਸ ਵੇਲੇ ਬੇਹੱਦ ਗਮਗੀਨ ਬਣ ਗਿਆ ਜਦੋਂ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ 8 ਜਣਿਆਂ ਦੀਆਂ ਮ੍ਰਿਤਕ ਦੇਹਾਂ ਦਾ ਇਕੱਠੇ ਸਸਕਾਰ ਕੀਤਾ ਗਿਆ। ਇਨ੍ਹਾਂ ਸਾਰਿਆਂ ਦੀ ਮੌਤ ਧਾਰਮਿਕ ਸਥਾਨ ਤੋਂ ਪਰਤਦੇ ਸਮੇਂ ਟੈਪੂ ਨਹਿਰ ਵਿਚ ਡਿੱਗਣ ਕਾਰਨ ਹੋਈ ਸੀ।
ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਲੋਕ ਵੀ ਪਹੁੰਚੇ ਹੋਏ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਦਾ ਦਿਨ ਪਿੰਡ ਲਈ ਕਾਲੇ ਦਿਨ ਵਾਂਗ ਐ ਜਦੋਂ ਇਕੋ ਪਰਿਵਾਰ ਦੇ ਕਈ ਕਈ ਮੈਂਬਰਾਂ ਦਾ ਇਕੱਠੇ ਸਸਕਾਰ ਕਰਨਾ ਪੈ ਰਿਹਾ ਐ। ਲੋਕਾਂ ਨੇ ਸਰਕਾਰ ਤੋਂ ਪੀੜਤ ਪਰਿਵਾਰਾਂ ਦੀ ਬਣਦੀ ਸਹਾਇਤਾ ਕਰਨ ਦੀ ਮੰਗ ਕੀਤੀ ਐ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਅੱਜ 8 ਜਣਿਆਂ ਦਾ ਅੰਤਮ ਸਸਕਾਰ ਕੀਤਾ ਗਿਆ ਐ ਜਦਕਿ ਦੋ ਜਣਿਆਂ ਦੀਆਂ ਲਾਸ਼ਾਂ ਅਜੇ ਨਹਿਰ ਵਿਚ ਹੀ ਨੇ, ਜਿਨ੍ਹਾਂ ਦੀ ਭਾਲ ਕੀਤੀ ਰਹੀ ਐ। ਇਸੇ ਦੌਰਾਨ ਵਿਛੜੀਆਂ ਰੂਹਾਂ ਨੂੰ ਅੰਤਮ ਵਿਦਾਈ ਦੇਣ ਪਹੁੰਚੇ ਸਮਾਜ ਸੇਵੀਆਂ ਤੇ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰਾਂ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਤੇ ਬਣਦੀ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਐ।
ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਪਿੰਡ ਨੂੰ ਤੋੜ ਕੇ ਰੱਖ ਦਿਤਾ ਐ ਅਤੇ ਅੱਜ ਪਿੰਡ ਮਾਣਕਪੁਰ ਤੋਂ ਇਲਾਵਾ ਨੇੜਲੇ ਕਈ ਪਿੰਡਾਂ ਅੰਦਰ ਵੀ ਸੋਗ ਦੀ ਲਹਿਰ ਐ ਅਤੇ ਕਿਸੇ ਵੀ ਘਰ ਅੰਦਰ ਚੁੱਲ੍ਹਾ ਨਹੀਂ ਬਲਿਆ।