
ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਵਿਖੇ ਧਰਨਾ ਦੇ ਕੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਖਿਲਾਫ ਪ੍ਰਦਰਸ਼ਨ ਕੀਤਾ। ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਡਾਕਾ ਮਾਰਨਾ ਚਾਹੁੰਦੇ ਨੇ, ਜਿਸ ਨੂੰ ਅਕਾਲੀ ਦਲ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ।
ਉਨ੍ਹਾਂ ਕਿਹਾ ਕਿ ਜ਼ਮੀਨਾਂ ਐਕਵਾਇਰ ਕਰਨ ਲਈ ਪਹਿਲਾਂ ਵੀ ਕਾਨੂੰਨ ਮੌਜੂਦ ਐ, ਜਿਸ ਵਿਚ ਕਿਸਾਨਾਂ ਅਤੇ ਸਥਾਨਕ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਜਮੀਨ ਐਕਵਾਇਰ ਨਹੀਂ ਹੋ ਸਕਦੀ ਪਰ ਪੰਜਾਬ ਸਰਕਾਰ ਨਵਾਂ ਕਾਨੂੰਨ ਲਿਆ ਕੇ ਪੰਜਾਬ ਦੀਆਂ ਜ਼ਮੀਨਾਂ ਹਥਿਆਉਣਾ ਚਾਹੁੰਦੀ ਐ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਜਿੰਨਾ ਮਰਜ਼ੀ ਦਬਾਅ ਪਾਉਣ, ਅਸੀਂ ਪੰਜਾਬ ਦੀ ਇੱਕ ਇੰਚ ਵੀ ਜ਼ਮੀਨ ਐਕੁਆਇਰ ਨਹੀਂ ਹੋਣ ਦੇਵਾਂਗੇ। ਅਸੀਂ ਇਸ ਲਈ ਲੰਬੀ ਲੜਾਈ ਲੜਾਂਗੇ। ਪਿਛਲੇ 10 ਸਾਲਾਂ ਵਿੱਚ ਪੰਜਾਬ ਨੇ ਬਹੁਤ ਨੁਕਸਾਨ ਝੱਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ 5 ਸਾਲਾਂ ਵਿੱਚ ਕੁਝ ਨਹੀਂ ਕੀਤਾ, ਹੁਣ ਇਹ ਲੋਕ ਵੀ ਕੁਝ ਨਹੀਂ ਕਰ ਰਹੇ।
ਉਨ੍ਹਾਂ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਚੋਣਾਂ ਤੋਂ ਬਾਅਦ ਦਿੱਲੀ ਜਾਣਗੇ, ਪਰ ਅਧਿਕਾਰੀਆਂ ਨੂੰ ਇੱਥੇ ਹੀ ਰਹਿਣਾ ਪਵੇਗਾ। ਕੁਝ ਅਧਿਕਾਰੀ ਮੁੱਖ ਸਕੱਤਰ ਅਤੇ ਕਮਿਸ਼ਨਰ ਬਣਨ ਦੀ ਇੱਛਾ ਵਿੱਚ ਆਪਣੀ ਭੂਮਿਕਾ ਭੁੱਲ ਗਏ ਹਨ। ਅਸੀਂ ਸਾਰਿਆਂ ਦੀ ਜਾਂਚ ਕਰਾਂਗੇ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਪੁਲਿਸ ਵਾਲੇ ਅੱਜ ਦਿੱਲੀ ਦੇ ਲੋਕਾਂ ਨੂੰ ਸਲਾਮ ਕਰਦੇ ਹਨ, ਉਹ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲਾਮ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਲੜੇਗਾ ਅਤੇ ਦਿੱਲੀ ਵਾਲਿਆਂ ਨੂੰ ਜ਼ਮੀਨਾਂ ਦੀ ਲੁੱਟ ਨਹੀਂ ਕਰਨ ਦੇਵੇਗਾ।

