ਫਰੀਦਕੋਟ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਊਂਟਰ; ਹਥਿਆਰ ਬਰਾਮਦਗੀ ਦੌਰਾਨ ਪੁਲਿਸ ’ਤੇ ਚਲਾਈ ਗੋਲੀ; ਜਵਾਬੀ ਕਾਰਵਾਈ ਦੌਰਾਨ ਲੱਤ ’ਚ ਵੱਜੀ ਗੋਲੀ

0
5

ਫਰੀਦਕੋਟ ਪੁਲਿਸ ਨੇ ਇੰਡੈਵਰ ਗੱਡੀ ਦੇ ਡਰਾਈਵਰ ਦੇ ਕਤਲ ਕਾਂਡ ਵਿਚ ਸ਼ਾਮਲ ਇਕ ਸ਼ੂਟਰ ਦਾ ਐਨਕਾਊਟਰ ਕੀਤਾ ਗਿਆ ਐ। ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿਚ ਲੋੜੀਂਦੇ ਤਿੰਨ ਸ਼ੂਟਰਾਂ ਵਿਚੋਂ ਚਿੰਕੀ ਨਾਮਕ ਇਕ ਸ਼ੂਟਰ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਸੀ, ਜਿਸਨੂੰ ਅੱਜ ਫਰੀਦਕੋਟ ਦੇ ਬੀੜ ਸਿੱਖਾਂ ਵਾਲਾ ਦੇ ਜੰਗਲ ਵਿੱਚ ਵਾਰਦਾਤ ਵਿਚ ਵਰਤੇ ਗਏ ਮੋਟਰ ਸਾਈਕਲ ਦੀ ਬਰਾਮਦਗੀ ਲਈ ਲਿਆਂਦਾ ਗਿਆ ਸੀ, ਜਿੱਥੇ ਮੁਲਜਮ ਨੇ ਪਹਿਲਾਂ ਤੋਂ ਛੁਪਾ ਰੱਖੇ ਪਿਸਟਲ ਨਾਲ ਪੁਲਿਸ ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਇਕ ਗੋਲੀ ਮੁਲਜਮ ਦੀ ਲੱਤ ਵਿਚ ਲੱਗੀ, ਜਿਸ ਤੋਂ ਬਾਦ ਪੁਲਿਸ ਨੇ ਮੁਲਜਮ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਲੋੜੀਂਦੇ ਦੂਜੇ ਦੋ ਸ਼ੂਟਰਾਂ ਦੀ ਪਛਾਣ ਕਰ ਲਈ ਐ, ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸਣਯੋਗ ਐ ਕਿ ਕਰੀਬ ਇੱਕ ਹਫਤਾ ਪਹਿਲਾਂ ਫਰੀਦਕੋਟ ਦੇ ਪਿੰਡ ਬਾਹਮਣ ਵਾਲਾ ਵਿਖੇ ਤਿੰਨ ਅਗਿਆਤ ਬਾਈਕ ਸਵਾਰਾਂ ਵੱਲੋਂ ਇੱਕ ਇੰਡੈਵਰ ਗੱਡੀ ਦੇ ਡਰਾਈਵਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਲੱਕੀ ਪਟਿਆਲ ਵੱਲੋਂ ਲਈ ਗਈ ਸੀ। ਪੁਲਿਸ ਜਾਂਚ  ਮੁਤਾਬਕ ਇਨ੍ਹਾਂ ਨੇ ਜੁਗਨੂ ਨਾਮਕ ਸਖਸ਼ ਦਾ ਕਤਲ ਕਰਨਾ ਸੀ ਪਰ ਭੁਲੇਖੇ ਨਾਲ ਡਰਾਈਵਰ ਯਾਦਵਿੰਦਰ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ ਸਨ। ਘਟਨਾ ਵੇਲੇ ਯਾਦਵਿੰਦਰ ਸਿੰਘ ਫਰੀਦਕੋਟ ਦੇ ਪਿੰਡ ਬਾਹਮਣ ਵਾਲਾ ਵਿਖੇ ਇੱਕ ਭੋਗ ਸਮਾਗਮ ਵਿੱਚ ਸ਼ਿਰਕਤ ਕਰਨ ਆਇਆ ਸੀ।
ਪੁਲਿਸ ਨੇ ਇਸ ਮਾਮਲੇ ਵਿਚ ਚਿੰਕੀ ਨਾਮਕ ਇੱਕ ਸ਼ੂਟਰ ਨੂੰ ਟਰੇਸ ਕਰ ਕੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਵਾਰਦਾਤ ਸਮੇਂ ਇਸਤੇਮਾਲ ਕੀਤੇ ਗਏ ਮੋਟਰਸਾਈਕਲ ਦੀ ਬਰਾਮਦਗੀ ਲਈ ਫਰੀਦਕੋਟ ਦੇ ਬੀੜ ਸਿੱਖਾਂ ਵਾਲਾ ਦੇ ਜੰਗਲ ਵਿਖੇ ਲਿਆਂਦਾ ਗਿਆ ਸੀ। ਜਦੋਂ ਉਸ ਨੂੰ ਪੁਲਿਸ ਪਾਰਟੀ ਇੱਥੇ ਲੈ ਕੇ ਆਈ ਤਾਂ ਉਸ ਨੇ ਉਸ ਜਗ੍ਹਾ ਤੇ ਪਹਿਲਾਂ ਤੋਂ ਰੱਖੇ ਪਿਸਤੌਲ ਨਾਲ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਗਿਆ ਜੋ ਇੱਕ ਫਾਇਰ ਪੁਲਿਸ ਦੀ ਗੱਡੀ ਵਿੱਚ ਲੱਗਾ ਅਤੇ ਦੂਸਰਾ ਡੀਐਸਪੀ ਜਤਿੰਦਰ ਸਿੰਘ ਦੇ ਬਹੁਤ ਹੀ ਕਰੀਬ ਦੀ ਲੰਘ ਗਿਆ। ਪੁਲਿਸ ਦੀ ਜਵਾਬੀ ਕਾਰਵਾਈ  ਦੌਰਾਨ ਇਕ ਫਾਇਰ ਉਸ ਦੀ  ਲੱਤ ਵਿੱਚ ਲੱਗਾ ਅਤੇ ਸ਼ੂਟਰ ਡਿੱਗ ਗਿਆ ਜਿਸ ਤੋਂ ਬਾਅਦ ਉਸ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਅਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਭੇਜਿਆ ਗਿਆ।
ਇਸ ਮੌਕੇ ਐਸਐਸਪੀ ਫਰੀਦਕੋਟ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਇਸ ਦੀ ਜਾਂਚ ਦੌਰਾਨ ਇਹਨਾਂ ਨੂੰ ਠਹਿਰ ਅਤੇ ਹੋਰ ਤਰੀਕੇ ਦੀ ਮਦਦ ਪਹੁੰਚਾਉਣ ਵਾਲੇ ਲੋਕਾਂ ਨੂੰ ਨੋਮੀਨੇਟ ਕੀਤਾ ਗਿਆ ਸੀ ਜਿੰਨਾ ਤੋਂ ਪੁੱਛਗਿੱਛ ਦੇ ਦੌਰਾਨ ਇਹਨਾਂ ਸ਼ੂਟਰਾਂ ਦੀ ਪਹਿਚਾਣ ਹੋ ਸਕੀ ਸੀ ਅਤੇ ਇਸੇ ਦੌਰਾਨ ਚਿੰਕੀ ਨਾਮਕ ਇੱਕ ਸ਼ੂਟਰ ਦੀ ਗ੍ਰਿਫਤਾਰੀ ਕਰ ਲਈ ਗਈ ਸੀ ਜਿਸ ਨੂੰ ਕਿ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਫਰੀਦਕੋਟ ਲਿਆਂਦਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਦੇ ਨਾਲ ਦੋ ਹੋਰ ਸ਼ੂਟਰਾਂ ਦੀ ਵੀ ਪਹਿਚਾਣ ਹੋ ਚੁੱਕੀ ਹੈ ਜਿਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ।

LEAVE A REPLY

Please enter your comment!
Please enter your name here