ਮੁੱਖ ਮੰਤਰੀ ਮਾਨ ਦਾ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ; ਮਜੀਠੀਆ ਦੀ ਹਮਾਇਤ ’ਚ ਪੋਸਟ ਪਾਉਣ ‘ਤੇ ਖੜ੍ਹੇ ਕੀਤੇ ਸਵਾਲ; ਕਿਹਾ, ਆਪਣੇ ਆਗੂਆਂ ਬਾਰੇ ਸਥਿਤੀ ਸਪੱਸ਼ਟ ਕਰੇ ਭਾਜਪਾ ਤੇ ਕਾਂਗਰਸ

0
4

ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਕਰਮ ਮਜੀਠੀਆ ਦੇ ਹੱਕ ਵਿਚ ਪਾਈ ਪੋਸਟ ਦੇ ਮੁੱਦੇ ਦੇ ਸਿਆਸਤ ਗਰਮਾ ਗਈ ਐ। ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕੈਪਟਨ ਤੇ ਵੱਡਾ ਸ਼ਬਦੀ ਹਮਲਾ ਬੋਲਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤੋਂ ਬਾਅਦ ਪੰਜਾਬ ਦੇ ਸਿਆਸਤਦਾਨਾਂ ਦਾ ਚਿਹਰਾ ਨੰਗਾ ਹੋ ਗਿਆ ਐ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ’ਤੇ ਤੰਜ਼ ਕੱਸਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਕੈਪਟਨ ਨੇ ਕਿਸੇ ਵੇਲੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਨਸ਼ਾ ਤਸ਼ਕਰਾਂ ਨੂੰ ਖਤਮ ਕਰਨ ਦਾ ਪ੍ਰਣ ਲਿਆ ਸੀ ਅੱਜ ਉਹੀ ਕੈਪਟਨ ਮਜੀਠੀਆ ਖਿਲਾਫ ਕਾਰਵਾਈ ਨੂੰ ਗਲਤ ਕਹਿ ਰਹੇ ਨੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ ਐਕਸ਼ਨ ਨੇ ਪੰਜਾਬ ’ਤੇ ਰਾਜ ਕਰਦੇ ਰਹੇ ਸਿਆਸਤਦਾਨਾਂ ਦੇ ਦੋਗਰੇ ਚਿਹਰੇ ਨੰਗੇ ਕਰ ਦਿੱਤੇ ਨੇ, ਜਿਸ ਲਈ ਪੰਜਾਬੀ ਇਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਭਾਜਪਾ ਤੋਂ ਜਵਾਬ ਮੰਗਦਿਆਂ ਕਿਹਾ ਕਿ ਭਾਜਪਾ ਆਪਣੇ ਆਗੂ ਰਵਨੀਤ ਬਿੱਟੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਬਾਰੇ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਵੀ ਆਪਣੇ ਆਗੂਆਂ ਦੇ ਨਸ਼ਾ ਤਸਕਰਾਂ ਦੇ ਹੱਕ ਵਿਚ ਦਿੱਤੇ ਜਾ ਰਹੇ ਬਿਆਨਾਂ ਬਾਰੇ ਉੱਠ ਰਹੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਤੇ ਇਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ਆਗੂਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ, ਚਾਚੇ ਭਤੀਜੇ ਦੀ ਨਸ਼ਿਆਂ ਦੇ ਮਾਮਲੇ ਵਿਚ ਗੰਢਤੁਪ ਦੇ ਚਰਚੇ ਜ਼ਰੂਰ ਸੁਣੇ ਸੀ ਪਰ ਅੱਜ ਇਨ੍ਹਾਂ ਦੇ ਅਸਲੀ ਚਿਹਰੇ ਨੰਗੇ ਹੋ ਗਏ ਨੇ। ਕੈਪਟਨ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਤੁਹਾਨੂੰ ਨਸ਼ਾ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੋ ਰਹੀ ਹੈ, ਜਦੋਂ ਆਪਣੇ ਭਤੀਜੇ ਦੇ ਕਾਰਨਾਮਿਆਂ ਕਾਰਨ ਤੜਪ-ਤੜਪ ਕੇ ਮਰ ਰਹੇ ਲੋਕਾਂ ਦੀ ਕੋਈ ਚਿੰਤਾ ਨਹੀਂ ਐ। ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਜੁੜੇ ਹਰ ਸਖਸ਼ ਨੂੰ ਆਪਣੀ ਕੀਤੀ ਦਾ ਹਿਸਾਬ ਦੇਣਾ ਪਵੇਗਾ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਮੁੱਖ  ਮੰਤਰੀ ਮਾਨ ਨੇ ਕਾਂਗਰਸ ਅਤੇ ਭਾਜਪਾ ਨੂੰ ਨਸ਼ਿਆਂ ਦੇ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਖੁੱਲ੍ਹੀ ਚੁਨੌਤੀ ਦਿੱਤੀ ਐ। ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਜੰਗ ਸ਼ੁਰੂ ਕੀਤੀ ਹੈ ਅਤੇ ਨਸ਼ਿਆਂ ਦੇ ਨੈੱਟਵਰਕ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਨੂੰ ਲੁੱਟਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰ ਨੇ ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀ ਦੌਲਤ ਲੁੱਟਣ ਵਾਲੇ ਚਾਹੇ ਕੋਈ ਵੀ ਹੋਵੇ ਉਸ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।
ਦੱਸਣਯੋਗ ਐ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਹੋਇਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਸਿਆਸੀ ਬਦਲਾਖੇਰੀ ਦੱਸਿਆ ਸੀ ਅਤੇ ਇਸ ਦੀ ਨਿੰਦਾ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਡਰੱਗ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਅੱਜ ਵੀ ਨਿਆਇਕ ਹਿਰਾਸਤ ਤਹਿਤ ਜੇਲ੍ਹ ਵਿਚ ਬੰਦ ਨੇ।  ਪੰਜਾਬ ਦੇ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਟੀਮ ਨੇ ਪੰਜਾਬ ਦੇ 25 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ 9 ਥਾਵਾਂ ਸ਼ਾਮਲ ਹਨ। ਇਹ ਕਾਰਵਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਕੀਤੀ ਗਈ।

LEAVE A REPLY

Please enter your comment!
Please enter your name here