ਫਰੀਦਕੋਟ: ਜ਼ਿਲ੍ਹੇ ਦੇ ਕਸਬਾ ਸਾਦਿਕ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿੱਚ ਤੈਨਾਤ ਕਲਰਕ ਵੱਲੋਂ ਗ੍ਰਾਹਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਐ। ਠੱਗੀ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਦ ਕਲੱਰਕ ਫਰਾਰ ਐ, ਜਿਸ ਨੂੰ ਲੈ ਕੇ ਖਾਤਾ ਧਾਰਕਾਂ ਅੰਦਰ ਘਬਰਾਹਟ ਪਾਈ ਜਾ ਰਹੀ ਐ। ਇੱਕ ਪਾਸੇ ਜਿੱਥੇ ਗਾਹਕ ਉਕਤ ਬੈਂਕ ਵਿੱਚ ਆਪਣੇ ਖਾਤੇ ਚੈੱਕ ਕਰਨ ਲਈ ਕਤਾਰਾਂ ਵਿੱਚ ਖੜ੍ਹੇ ਸਨ, ਉੱਥੇ ਦੂਜੇ ਪਾਸੇ ਲੋਕ ਆਪਣੇ ਖਾਤਿਆਂ ਵਿੱਚ ਗੜਬੜੀ ਦੇਖ ਕੇ ਬੇਚੈਨੀ ਨਾਲ ਰੋ ਰਹੇ ਸਨ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਫਿਰ ਵੀ ਲੋਕਾਂ ਨੇ ਆਪਣੀ ਉਮਰ ਭਰ ਦੀ ਬੱਚਤ ਵਾਪਸ ਲੈਣ ਲਈ ਬੈਂਕ ਦੇ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਹੈ। ਉਧਰ ਬੈਂਕ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਕਰਨ ਦੀ ਗੱਲ ਕਹੀ ਐ। ਕੁੱਲ ਮਿਲਾ ਕੇ ਖਾਤਾਧਾਰਕਾਂ ਤੇ ਕਰੋੜਾਂ ਰੁਪਏ ਦੀ ਠੱਗੀ ਦੀ ਤਲਵਾਰ ਲਟਕ ਰਹੀ ਐ, ਜਿਸ ਕਾਰਨ ਵੱਡੀ ਗਿਣਤੀ ਲੋਕਾਂ ਅੰਦਰ ਬੇਚੈਨੀ ਦੀ ਮਾਹੌਲ ਐ।
ਜਾਣਕਾਰੀ ਅਨੁਸਾਰ ਜਦੋਂ ਪਿਛਲੇ ਦਿਨੀਂ ਬੈਂਕ ਆਏ ਕੁਝ ਗਾਹਕਾਂ ਨੇ ਆਪਣੇ ਖਾਤੇ ਚੈੱਕ ਕੀਤੇ ਤਾਂ ਉਨ੍ਹਾਂ ਨੂੰ ਗੜਬੜੀ ਦਾ ਅਹਿਸਾਸ ਹੋਇਆ, ਜਿਸ ਤੋਂ ਬਾਦ ਬੈਂਕ ਦੇ ਡਿਪਟੀ ਮੈਨੇਜਰ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਪਿੰਡ ਕਾਉਣੀ ਦੇ ਰਹਿਣ ਵਾਲੇ ਬੂਟਾ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਖਾਤੇ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 4 ਲੱਖ 70 ਹਜ਼ਾਰ ਰੁਪਏ ਗਾਇਬ ਸਨ ਅਤੇ ਪਿੰਡ ਢਿੱਲਵਾਂ ਖੁਰਦ ਦੇ ਰਹਿਣ ਵਾਲੇ ਅਮਰੀਕ ਸਿੰਘ ਪੁੱਤਰ ਜੀਵਨ ਸਿੰਘ ਦੇ ਖਾਤੇ ਵਿੱਚੋਂ 4 ਲੱਖ 85 ਹਜ਼ਾਰ ਰੁਪਏ ਗਾਇਬ ਸਨ। ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਸੀ ਕਿ ਹੋਰ ਖਾਤਿਆਂ ਵਿੱਚ ਵੀ ਗਲਤੀ ਹੋ ਸਕਦੀ ਹੈ ਅਤੇ ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਉਨ੍ਹਾਂ ਵੱਲੋਂ ਦਿੱਤੇ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਨੁਸਾਰ ਇਹ ਧੋਖਾਧੜੀ ਬੈਂਕ ਕਲਰਕ ਅਮਿਤ ਢੀਂਗਰਾ ਵੱਲੋਂ ਕੀਤੀ ਗਈ ਹੈ। ਜਿਸ ਕਾਰਨ ਸਾਦਿਕ ਥਾਣੇ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਅਮਿਤ ਢੀਂਗਰਾ ਅਜੇ ਫਰਾਰ ਹੈ।
ਦੂਜੇ ਪਾਸੇ, ਕੁਝ ਬੈਂਕ ਖਾਤਿਆਂ ਵਿੱਚ ਬੇਨਿਯਮੀਆਂ ਦੀ ਖ਼ਬਰ ਬੁੱਧਵਾਰ ਸਵੇਰ ਤੱਕ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਬੁੱਧਵਾਰ ਸਵੇਰੇ ਵੱਡੀ ਗਿਣਤੀ ਵਿੱਚ ਬੈਂਕ ਗਾਹਕ ਆਪਣੇ ਖਾਤਿਆਂ ਦੀ ਜਾਂਚ ਕਰਵਾਉਣ ਲਈ ਬੈਂਕ ਪਹੁੰਚੇ। ਇਸ ਦੌਰਾਨ ਜਿਵੇਂ ਹੀ ਲੋਕਾਂ ਨੂੰ ਆਪਣੇ ਖਾਤਿਆਂ ਵਿੱਚ ਬੇਨਿਯਮੀਆਂ ਬਾਰੇ ਪਤਾ ਲੱਗਾ ਤਾਂ ਮਾਹੌਲ ਹੋਰ ਵੀ ਤਣਾਅ ਵਾਲਾ ਹੋ ਗਿਆ। ਬਹੁਤ ਸਾਰੇ ਬਜ਼ੁਰਗ ਲੋਕ, ਔਰਤਾਂ ਅਤੇ ਲੋਕ ਬੈਂਕ ਦੇ ਬਾਹਰ ਰੋਂਦੇ ਹੋਏ ਦੇਖੇ ਗਏ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਬੱਚਤ ਕਿਸੇ ਕੰਮ ਲਈ ਬੈਂਕ ਖਾਤੇ ਵਿੱਚ FD, ਸੀਮਾ, ਮਿਊਚੁਅਲ ਫੰਡ, ਬੀਮਾ ਆਦਿ ਰਾਹੀਂ ਰੱਖੀ ਸੀ। ਲੋਕਾਂ ਦੇ ਹਰੇਕ ਖਾਤੇ ਵਿੱਚੋਂ ਲੱਖਾਂ ਰੁਪਏ ਗਾਇਬ ਸਨ। ਇਸ ਦੌਰਾਨ ਬੈਂਕ ਵਿੱਚ ਹਫੜਾ-ਦਫੜੀ ਦਾ ਮਾਹੌਲ ਸੀ ਅਤੇ ਕੋਈ ਵੀ ਲੋਕਾਂ ਦੀ ਗੱਲ ਨਹੀਂ ਸੁਣ ਰਿਹਾ ਸੀ।
ਪਰਮਜੀਤ ਕੌਰ ਨਾਮ ਦੇ ਗ੍ਰਾਹਕ ਨੇ ਦੱਸਿਆ ਕਿ ਉਸਦਾ ਗੁਰਦੀਪ ਕੌਰ ਨਾਲ ਸਾਂਝਾ ਖਾਤਾ ਹੈ। ਉਸਨੇ 22 ਲੱਖ ਰੁਪਏ ਦੀ FD ਕਰਵਾਈ ਸੀ। ਜਦੋਂ ਉਸਨੂੰ ਬੈਂਕ ਵਿੱਚ ਧੋਖਾਧੜੀ ਬਾਰੇ ਪਤਾ ਲੱਗਾ ਤਾਂ ਉਹ ਇੱਥੇ ਆਈ ਅਤੇ ਆਪਣੀ FD ਦੀ ਜਾਂਚ ਕਰਵਾਈ, ਤਾਂ ਉਸਨੂੰ ਪਤਾ ਲੱਗਾ ਕਿ ਉਸਦੀ FD ਰੱਦ ਹੋ ਗਈ ਹੈ ਅਤੇ ਸਾਰੇ ਪੈਸੇ ਕਢਵਾ ਲਏ ਗਏ ਹਨ। ਇਸੇ ਤਰ੍ਹਾਂ ਮਾਨ ਸਿੰਘ ਵਾਲਾ ਦੇ ਸੰਦੀਪ ਸਿੰਘ ਨੇ ਦੱਸਿਆ ਕਿ ਉਸਨੇ ਇਸ ਬੈਂਕ ਵਿੱਚ 4-4 ਲੱਖ ਦੀਆਂ 4 ਐਫਡੀ ਬਣਾਈਆਂ ਸਨ। ਜਦੋਂ ਉਹ ਅੱਜ ਐਫਡੀ ਚੈੱਕ ਕਰਨ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਉਸ ਦੀਆਂ ਚਾਰੇ ਐਫਡੀ ਟੁੱਟ ਚੁੱਕੀਆਂ ਨੇ ਅਤੇ ਪੈਸੇ ਕਢਵਾ ਲਏ ਗਏ ਨੇ। ਹੁਣ ਚਾਰਾਂ ਵਿੱਚ ਸਿਰਫ਼ 50-50 ਹਜ਼ਾਰ ਹੀ ਬਚੇ ਹਨ। ਉਸਦੀ ਐਫਡੀ ਵਿੱਚ ਨਾਮਜ਼ਦ ਵਿਅਕਤੀ ਦਾ ਨਾਮ ਵੀ ਬਦਲਿਆ ਗਿਆ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਦੇ ਨਾਮ ‘ਤੇ 18 ਲੱਖ ਦੀ ਲਿਮਟ ਸੀ, ਜੋ ਉਸਨੇ ਕੁਝ ਦਿਨ ਪਹਿਲਾਂ ਭਰ ਕੀਤੀ ਸੀ। ਪਰ ਜਦੋਂ ਉਸਨੇ ਅੱਜ ਆ ਕੇ ਜਾਂਚ ਕੀਤੀ ਤਾਂ ਪੈਸੇ ਵੱਖ-ਵੱਖ ਖਾਤਿਆਂ ਵਿੱਚ ਪਾ ਕੇ ਕਢਵਾ ਕੇ ਲਿਮਟ ਚੁੱਕ ਲਈ ਗਈ ਐ। ਇਸ ਦੇ ਨਾਲ ਹੀ ਉਸਦੇ ਭਰਾ ਦੀ ਪਤਨੀ ਅਤੇ ਉਸਦੀ ਆਪਣੀ ਐਫਡੀ ਵੀ ਇੱਥੇ ਚੱਲ ਰਹੀ ਸੀ, ਉਹ ਵੀ ਟੁੱਟ ਗਈ ਅਤੇ ਪੈਸੇ ਕਢਵਾਏ ਗਏ।
ਉਸਨੇ ਦੱਸਿਆ ਕਿ ਉਸ ਨਾਲ ਕੁੱਲ 56 ਲੱਖ ਦੇ ਕਰੀਬ ਠੱਗੀ ਹੋਈ ਹੈ। ਅਜਿਹੇ ਧੋਖਾਧੜੀ ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆਏ ਹਨ। ਮੁਢਲੀ ਜਾਂਚ ਮੁਤਾਬਕ ਲਗਭਗ ਪੰਜ ਕਰੋੜ ਰੁਪਏ ਦੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ ਜਦੋਂ ਕਿ ਜਾਂਚ ਅਜੇ ਵੀ ਜਾਰੀ ਹੈ। ਇਸ ਦੌਰਾਨ, ਬੈਂਕ ਦੇ ਫੀਲਡ ਅਫਸਰ ਸੁਸ਼ਾਂਤ ਅਰੋੜਾ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਇੱਥੇ ਜੁਆਇਨ ਕੀਤਾ ਹੈ ਅਤੇ ਉਸਨੂੰ ਅੱਜ ਇਸ ਧੋਖਾਧੜੀ ਬਾਰੇ ਪਤਾ ਲੱਗਾ। ਅੱਜ ਲੋਕ ਉਸਦੇ ਕੋਲ ਆ ਰਹੇ ਹਨ, ਜਿਨ੍ਹਾਂ ਦੇ ਕੁਝ ਖਾਤਿਆਂ ਵਿੱਚ ਧੋਖਾਧੜੀ ਹੋਈ ਹੈ, ਉਨ੍ਹਾਂ ਦੇ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।