ਪੰਜਾਬ ਤਰਨਤਾਰਨ ਜ਼ਿਮਨੀ ਚੋਣ ਲਈ ਅਕਾਲੀ ਦਲ ਨੇ ਖਿੱਚੀ ਤਿਆਰੀ; ਬੀਬੀ ਸੁਖਵਿੰਦਰ ਕੌਰ ਨੂੰ ਐਲਾਨਿਆ ਆਪਣਾ ਉਮੀਦਵਾਰ; ਕਸਬਾ ਝਬਾਲ ਵਿਖੇ ਰੈਲੀ ਦੌਰਾਨ ਕੀਤਾ ਐਲਾਨ By admin - July 20, 2025 0 4 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਕੁੱਦਣ ਫੈਸਲਾ ਕੀਤਾ ਐ। ਪਾਰਟੀ ਨੇ ਕਸਬਾ ਝਬਾਲ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਦੌਰਾਨ ਇਸ ਦਾ ਬਾਕਾਇਦਾ ਐਲਾਨ ਕੀਤਾ ਐ। ਇੱਥੇ ਆਜ਼ਾਦ ਗਰੁੱਪ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਤਰਨ ਤਾਰਨ ਸੀਟ ਜਿੱਤ ਕੇ ਆਪਣੇ ਇਸ ਕਿੱਲੇ ਤੇ ਮੁੜ ਕਾਬਜ ਹੋਵੇਗੀ। ਪਾਰਟੀ ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਤਰਨ ਤਾਰਨ ਦੇ ਕਸਬਾ ਝਬਾਲ ਨਾਲ ਸਬੰਧਤ ਸਨ, ਜਿਸ ਕਾਰਨ ਪਾਰਟੀ ਨੇ ਝਬਾਲ ਤੋਂ ਇਸ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਦੇ ਆਗਾਜ਼ ਦਾ ਫੈਸਲਾ ਲਿਆ ਐ। ਵੈਸੇ ਵੀ ਪਾਰਟੀ ਨੂੰ ਆਜ਼ਾਦ ਗਰੁੱਪ ਦੀ ਸ਼ਮੁਲੀਅਤ ਨਾਲ ਹਲਕੇ ਅੰਦਰ ਵੱਡਾ ਹੁਲਾਰਾ ਮਿਲਿਆ ਐ। ਇਸ ਗਰੁੱਪ ਵੱਲੋਂ ਪਿਛਲੇ ਦਿਨੀਂ ਸਮਾਜਸੇਵੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਆਗੂ ਚੁਣਿਆ ਸੀ। ਖਬਰਾਂ ਮੁਤਾਬਕ ਇਸ ਗਰੁੱਪ ਕੋਲ 104 ਪੰਚਾਇਤਾਂ ਵਿੱਚੋਂ 43 ਮੌਜੂਦਾ ਸਰਪੰਚ ਤੇ ਬਾਕੀ ਸਾਬਕਾ ਸਰਪੰਚ ਤੇ ਨਗਰ ਕੌਂਸਲ ਤਰਨ ਤਾਰਨ ਦੇ 25 ਕੌਂਸਲਰਾਂ ਵਿੱਚੋਂ 8 ਮੌਜੂਦਾ ਕੌਂਸਲਰ ਤੇ ਬਾਕੀ 17 ਵਾਰਡਾਂ ਤੋਂ ਵੀ ਚੋਣ ਲੜਣ ਵਾਲੇ ਉਮੀਦਵਾਰ ਹਨ। ਇਹ ਗਰੁੱਪ ਅੱਜ ਝਲਾਬ ਵਿਖੇ ਹੋਈ ਰੈਲੀ ਦੌਰਾਨ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਐ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਗਰੁਪ ਦੇ ਆਗੂਆਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਸੁਖਵਿੰਦਰ ਕੌਰ ਨੂੰ ਤਰਨ ਤਾਰਨ ਜ਼ਿਮਨੀ ਸੀਟ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ। ਭਾਵੇਂ ਆਜਾਦ ਗਰੁੱਪ ਦੀ ਆਮਦ ਨਾਲ ਪਾਰਟੀ ਖੁਦ ਨੂੰ ਕਾਫੀ ਮਜਬੂਤ ਸਮਝ ਰਹੀ ਐ ਪਰ ਇਸ ਦੇ ਰਾਹ ਐਨੇ ਸੌਖੇ ਵੀ ਨਹੀਂ ਹੋਣਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨ ਤਾਰਨ ਤੋਂ ਚੋਣ ਲੜਨ ਵਾਲੇ ਅਤੇ ਕਈ ਵਾਰ ਵਿਧਾਇਕ ਚੁਣੇ ਗਏ ਹਰਮੀਤ ਸਿੰਘ ਸੰਧੂ ਪਿਛਲੇ ਦਿਨੀਂ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਅਜਿਹੇ ਵਿਚ ਪਾਰਟੀ ਨੇ ਬੀਬੀ ਸੁਖਵਿੰਦਰ ਕੌਰ ਤੇ ਆਪਣਾ ਦਾਅ ਖੇਡਿਆ ਐ। ਉਧਰ ਦੂਜੀਆਂ ਪਾਰਟੀਆਂ ਨੇ ਵੀ ਇਸ ਜ਼ਿਮਨੀ ਚੋਣ ਲਈ ਆਪਣੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਇਸੇ ਦੌਰਾਨ ਭਾਜਪਾ ਨੇ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦੀ ਲਿਸਟ ਤਿਆਰ ਕਰਨ ਲਈ ਅਤੇ ਸਟੇਟ ਚੋਣ ਕਮੇਟੀ ਨੂੰ ਰਿਪੋਰਟ ਦੇਣ ਲਈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਤਰਨ ਤਾਰਨ ਜ਼ਿਮਨੀ ਚੋਣ ਦਾ ਆਬਜ਼ਰਵਰ ਨਿਯੁਕਤ ਕੀਤਾ ਹੈ। ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਦੇ ਸਹਿਯੋਗ ਲਈ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਉਪ-ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਪੰਜਾਬ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਬੀਬਾ ਜੈਇੰਦਰ ਕੌਰ ਨੂੰ ਤਾਇਨਾਤ ਕੀਤਾ ਹੈ।