ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਸੈਕਟਰ-53/54 ਸੜਕ ਕੰਢੇ ਸਰਕਾਰੀ ਥਾਂ ਤੇ ਬਣੀ ਮਸ਼ਹੂਰ ਫਰਨੀਚਰ ਮਾਰਕੀਟ ਨੂੰ ਤੋੜਣ ਦਾ ਕੰਮ ਸ਼ੁਰੂ ਕਰ ਦਿੱਤਾ ਐ। ਇੱਥੇ ਅੱਜ ਸਵੇਰ ਤੋਂ ਹੀ ਭਾਰੀ ਪੁਲਿਸ ਫੋਰਸ ਸਮੇਤ ਪਹੁੰਚੇ ਪ੍ਰਸ਼ਾਸਨ ਨੇ ਵੱਡੀਆਂ ਜੇਸੀਬੀ ਮਸ਼ੀਨਾਂ ਨਾਲ ਮਾਰਕੀਟ ਨੂੰ ਤੋੜਣ ਦਾ ਕੰਮ ਆਰੰਭ ਦਿੱਤਾ।
ਇਸ ਦੌਰਾਨ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਨਗਰ ਨਿਗਮ, ਸਿਹਤ ਵਿਭਾਗ, ਫਾਇਰ ਡਿਪਾਰਟਮੈਂਟ ਅਤੇ ਹੋਰ ਸੰਬੰਧਤ ਵਿਭਾਗਾਂ ਦੇ ਨਾਲ ਨਾਲ ਆਲਾ-ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ। ਦੁਕਾਨਦਾਰਾਂ ਨੂੰ ਪ੍ਰਸ਼ਾਸਨ ਨੇ ਪਹਿਲਾਂ ਹੀ ਅੱਜ ਕਾਰਵਾਈ ਕਰਨ ਦਾ ਅਲਟੀਮੇਟਮ ਦੇ ਰੱਖਿਆ ਸੀ, ਜਿਸ ਦੇ ਚਲਦਿਆਂ ਬੀਤੇ ਦਿਨ ਸਨਿੱਚਰਵਾਰ ਨੂੰ ਜ਼ਿਆਦਾਤਰ ਦੁਕਾਨਦਾਰ ਆਪਣੀਆਂ ਦੁਕਾਨਾਂ ਤੋਂ ਸਮਾਨ ਕੱਢਦੇ ਹੋਏ ਨਜ਼ਰ ਆਏ ਅਤੇ ਦੇਰ ਰਾਤ ਤਕ ਆਮ ਲੋਕ ਵੀ ਸਸਤਾ ਸਾਮਾਨ ਖਰੀਦਣ ਦੀ ਚਾਹਤ ਵਿਚ ਮਾਰਕੀਟ ਵਿਚ ਘੁੰਮਦੇ ਨਜ਼ਰ ਆਏ।
ਇਸੇ ਦੌਰਾਨ ਕਾਫੀ ਸਾਰਾ ਸਾਮਾਨ ਸਸਤੇ ਰੇਟਾਂ ਤੇ ਵੇਚੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ। ਅੱਜ ਦੀ ਕਾਰਵਾਈ ਦੌਰਾਨ ਸੈਕਟਰ-53/54 ਤੋਂ ਮੋਹਾਲੀ ਵੱਲ ਜਾਣ ਵਾਲੀ ਸੜਕ ਅਸਥਾਈ ਤੌਰ ‘ਤੇ ਬੰਦ ਕੀਤਾ ਗਿਆ ਐ। ਪ੍ਰਸ਼ਾਸਨ ਨੇ ਲੋਕਾਂ ਨੂੰ ਆਉਣ-ਜਾਣ ਲਈ ਕੋਈ ਹੋਰ ਰਸਤਾ ਵਰਤਣ ਦੀ ਅਪੀਲ ਕੀਤੀ ਐ।
ਦੱਸਣਯੋਗ ਐ ਕਿ ਡੀਸੀ ਨੇ ਬੀਤੀ ਸ਼ਾਮ ਸਾਰੇ ਵਿਭਾਗਾਂ ਨੂੰ ਆਪਣਾ ਕੰਮ ਜ਼ਿੰਮੇਵਾਰੀ ਨਾਲ ਨਿਭਾਉਣ ਦੀਆਂ ਹਦਾਇਤਾਂ ਦਿੱਤੀਆਂ ਸੀ ਤਾਂ ਜੋ ਕਾਰਵਾਈ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 1000 ਪੁਲਿਸ ਕਰਮੀ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ ਮਹਿਲਾ ਅਤੇ ਪੁਰਸ਼ ਪੁਲਿਸ ਅਧਿਕਾਰੀ, ਤੇਜ਼ ਕਾਰਵਾਈ ਟੀਮਾਂ (QRTs) ਵੀ ਮੌਕੇ ‘ਤੇ ਤੈਨਾਤ ਕੀਤੀਆਂ ਗਈਆਂ ਹਨ। ਫਾਇਰ ਵਿਭਾਗ ਜ਼ਰੂਰੀ ਸਾਜੋ-ਸਾਮਾਨ ਨਾਲ ਮੌਕੇ ‘ਤੇ ਮੌਜੂਦ ਰਹੇ।