
ਬਠਿੰਡਾ ਦੇ ਬੱਸ ਸਟੈਂਡ ’ਤੇ ਬੀਤੇ ਦਿਨ ਹਾਲਾਤ ਇਸ ਵੇਲੇ ਦਹਿਸ਼ਤ ਵਾਲੇ ਬਣ ਗਏ, ਜਦੋਂ ਲੁਧਿਆਣਾ ਜਾਣ ਵਾਲੀ ਪੀਆਰਟੀਸੀ ਬੱਸ ਅੰਦਰ ਅਚਾਨਕ ਇਕ ਸੱਪ ਆਣ ਵੜਿਆ। ਸੱਪ ਦਿਖਾਈ ਦਿੰਦਿਆਂ ਹੀ ਡਰਾਈਵਰ ਨੇ ਬੱਸ ਵਿਚੋਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਬੱਸ ਸਟੈਂਡ ’ਤੇ ਅਫਰਾ-ਤਫਰੀ ਵਾਲਾ ਮਾਹੌਲ ਬਣ ਗਿਆ। ਮੌਕੇ ਤੇ ਮੌਜੂਦ ਮੁਲਾਜਮਾਂ ਦੇ ਦੱਸਣ ਮੁਤਾਬਕ ਸੱਪ ਲਗਭਗ ਚਾਰ ਤੋਂ ਪੰਜ ਫੁੱਟ ਲੰਬਾ ਸੀ ਜੋ ਡਰਾਈਵਰ ਵਾਲੀ ਸਾਈਡ ਤੋਂ ਬੱਸ ਅੰਦਰ ਦਾਖਲ ਹੋਇਆ। ਸਵਾਰੀਆਂ ਨੂੰ ਤੁਰੰਤ ਬੱਸ ਵਿਚੋਂ ਬਾਹਰ ਕੱਢ ਕੇ ਸੱਪ ਦੀ ਭਾਲ ਸ਼ੁਰੂ ਕੀਤੀ ਗਈ। ਮੌਕੇ ਤੇ ਮੌਜੂਦ ਸਟਾਫ ਤੇ ਲੋਕਾਂ ਨੇ ਬੱਸ ਦੇ ਵੱਖ-ਵੱਖ ਪੁਰਜੇ ਖੋਲ੍ਹ ਕੇ ਸੱਪ ਦੀ ਭਾਲ ਕੀਤੀ ਪਰ ਸੱਪ ਕਿੱਧਰੇ ਦਿਖਾਈ ਨਹੀਂ ਦਿੱਤਾ। ਇਸ ਤੋਂ ਬਾਦ ਸੱਪ ਫੜਣ ਵਾਲੀ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ। ਡਰਾਈਵਰ ਨੇ ਘਟਨਾ ਤੇ ਅਫਸੋਸ ਜਾਹਰ ਕਰਦਿਆਂ ਕਿਹਾ ਕਿ ਇਸ ਘਟਨਾ ਕਾਰਨ ਜਿੱਥੇ ਉਨ੍ਹਾਂ ਦਾ ਸਮਾਂ ਖਰਾਬ ਹੋਇਆ ਐ ਉੱਥੇ ਹੀ ਹੁਣ ਸਵਾਰੀਆਂ ਬੱਸ ਵਿਚ ਚੜਣ ਤੋਂ ਕਤਰਾਅ ਰਹੀਆਂ ਰਹੀਆਂ ਨੇ।

