ਨਾਭਾ ’ਚ ਨਾਲੇ ਅੰਦਰ ਡਿੱਗਣ ਕਾਰਨ ਮਹਿਲਾ ਜ਼ਖ਼ਮੀ, ਮੁਸ਼ਕਲ ਨਾਲ ਬਚੀ ਜਾਨ, ਘਟਨਾ ਦੀ ਵੀਡੀਓ ਵਾਇਰਲ, ਸਥਾਨਕ ਪ੍ਰਸ਼ਾਸਨ ’ਤੇ ਲੱਗੇ ਅਣਗਹਿਲੀ ਵਰਤਣ ਦੇ ਇਲਜ਼ਾਮ

0
11

ਨਾਭਾ ਦੇ ਬਠਿੰਡਿਆ ਮੁਹੱਲੇ ਵਿਚ ਬੀਤੇ ਦਿਨ ਉਸ ਵੇਲੇ ਵੱਲਾ ਹਾਦਸਾ ਵਾਪਰਨ ਤੋਂ ਬੱਚ ਗਿਆ ਜਦੋਂ ਇੱਥੋਂ ਗੁਜਰ ਰਹੀ ਮਹਿਲਾ ਅਚਾਨਕ ਨਾਲੇ ਅੰਦਰ ਡਿੱਗ ਗਈ। ਪੀੜਤਾ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਇਸੇ ਦੌਰਾਨ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਐ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਦਾ ਇਲਜਾਮ ਐ ਕਿ ਇੱਥੇ ਸੜਕ ਕਾਫੀ ਸਮੇਂ ਤੋਂ ਉਸਾਰੀ ਅਧੀਨ ਐ, ਜਿਸ ਕਾਰਨ ਨਾਲੇ ਦੇ ਢੱਕਣ ਗਾਇਬ ਨੇ। ਬੀਤੀ ਸ਼ਾਮ ਵੀ ਮੀਂਹ ਮਗਰੋਂ ਨਾਲਾ ਓਵਰਫਲੋਅ ਹੋ ਕੇ ਚੱਲ ਰਿਹਾ ਸੀ, ਜਿਸ ਦੇ ਚਲਦਿਆ ਮਹਿਲਾ ਡੂੰਘੇ ਪਾਣੀ ਵਿਚ ਡਿੱਗ ਪਈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਐ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਐ।
ਲੋਕਾ ਦਾ ਕਹਿਣਾ ਐ ਕਿ ਇੱਥੇ ਮੀਂਹ ਪੈਣ ਤੋਂ ਬਾਅਦ ਅਕਸਰ ਪਾਣੀ ਓਵਰ-ਫਲੋਅ ਹੋ ਜਾਂਦਾ ਐ। ਬੀਤੀ ਸ਼ਾਮ ਵੀ ਮੀਂਹ ਮਗਰੋਂ ਨਾਲਾ ਓਵਰਫਲੋਅ ਹੋ ਰਿਹਾ ਸੀ, ਜਿਸ ਦੇ ਚਲਦਿਆਂ ਔਰਤ ਨੂੰ ਨਾਲੇ ਦਾ ਪਤਾ ਨਹੀਂ ਲੱਗਿਆ ਅਤੇ ਉਹ ਗੰਦੇ ਨਾਲੇ ਵਿੱਚ ਜਾ ਡਿੱਗੀ। ਮੌਕੇ ‘ਤੇ ਉਸ ਨਾਲ ਜਾ ਰਹੀ ਨੂੰਹ ਵੱਲੋਂ ਰੌਲਾ ਪਾਉਣ ‘ਤੇ ਲੋਕਾਂ ਨੇ ਔਰਤ ਨੂੰ ਨਾਲੇ ਵਿਚੋਂ ਕੱਢਿਆ। ਪੀੜਤ ਮਹਿਲਾ ਮਧੂ ਨੂੰ ਪਹਿਲਾਂ ਨਾਭਾ ਦੇ ਇੱਕ ਨਿੱਜੀ ਹਸਤਪਾਲ ਲਿਜਾਇਆ ਗਿਆ ਪਰ ਦੇਰ ਰਾਤ ਸਿਟੀ ਸਕੈਨ ਦੀ ਸੁਵਿਧਾ ਉਪਲਬਧ ਨਾ ਹੋਣ ਕਾਰਨ ਪੀੜਤ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੀੜਤ ਦੇ ਦਿਉਰ ਦੇਵ ਰਾਜ ਨੇ ਦੱਸਿਆ ਕਿ ਘਬਰਾਹਟ ਕਾਰਨ ਪੀੜਤ ਦੇ ਅੰਦਰ ਗਾਰੇ ਵਾਲਾ ਪਾਣੀ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਚਾਅ ਰਿਹਾ ਕਿ ਕੁਝ ਕਦਮ ਪਹਿਲਾਂ ਹੀ ਪੀੜਤ ਨੇ ਗੋਦੀ ਚੁੱਕਿਆ ਡੇਢ ਸਾਲ ਦਾ ਬੱਚਾ ਆਪਣੀ ਨੂੰਹ ਨੂੰ ਫੜਾ ਦਿੱਤਾ ਸੀ ਨਹੀਂ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਢੱਕਣ ਬਣਵਾਉਣ ਅਤੇ ਨਾਲੇ ਦੇ ਕਿਨਾਰੇ ਛੋਟੀ ਜਿਹੀ ਕੰਧ ਬਣਾਉਣ ਦੀ ਮੰਗ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਪ੍ਰਸ਼ਾਸਨ ਲਗਾਤਾਰ ਅਣਸੁਣਿਆ ਕਰ ਰਿਹਾ ਐ। ਲੋਕਾਂ ਦੇ ਦੱਸਣ ਮੁਤਾਬਕ ਇੱਥੇ ਪਹਿਲਾਂ ਵੀ ਕਈ ਬੰਦਿਆਂ ਅਤੇ ਜਾਨਵਰਾਂ ਦੇ ਡਿੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਲੋਕਾਂ ਨੇ ਮਸਲਾ ਛੇਤੀ ਹੱਲ ਨਾ ਹੋਣ ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ।
ਉਧਰ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਨੇ ਘਟਨਾ ਬਾਰੇ ਸਫਾਈ ਦਿੰਦਿਆਂ ਕਿਹਾ ਕਿ ਘਟਨਾ ਸਥਾਨ ਤੇ ਸੜਕ ਉਸਾਰੀ ਅਤੇ ਗੰਦੇ ਨਾਲੇ ਨੂੰ ਕਵਰ ਕਰਨ ਦਾ ਕੰਮ ਚੱਲ ਰਿਹਾ ਸੀ ਅਤੇ ਇਹ ਮੰਦਭਾਗੀ ਘਟਨਾ ਬਰਸਾਤ ਤੋਂ ਬਾਅਦ ਪਾਣੀ ਖੜਨ ਕਾਰਨ  ਵਾਪਰੀ ਹੈ। ਉਹਨਾਂ ਕਿਹਾ ਕਿ ਜਲਦੀ ਹੀ ਅਗਲੇ ਹਫਤੇ ਤੱਕ ਇਸ ਨਾਲੇ ਨੂੰ ਕਵਰ ਕਰਕੇ ਇਸ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਜਦੋਂ ਵਾਰਡ ਦੇ ਕੌਂਸਲਰ ਸੋਨੀਆ ਪਹੂਜਾ ਦੇ ਪਤੀ ਮੰਟੂ ਪਹੂਜਾ ਨੇ ਕਿਹਾ ਕਿ ਸੜਕ ਦਾ ਕੰਮ  ਉਸਾਰੀ ਅਧੀਨ ਹੋਣ ਕਾਰਨ ਹੈ ਬਰਸਾਤ ਪੈਣ ਕਾਰਨ ਗਲੀ ਵਿੱਚ ਜਿਆਦਾ ਪਾਣੀ ਖੜਾ ਹੋਣ ਅਤੇ ਗੰਦੇ ਪਾਣੀ ਦਾ ਡਰੇਨ ਖੁੱਲਾ ਪਿਆ ਹੋਣ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦਾ ਸਾਨੂੰ ਵੀ ਵੱਡਾ ਦੁੱਖ ਹੈ ਅਤੇ ਇਹ ਮਾਮਲਾ ਅਸੀਂ ਐਮਐਲਏ ਸਾਹਿਬ ਤੇ ਨਗਰ ਕੌਂਸਲ ਪ੍ਰਧਾਨ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਅਤੇ ਐਮਐਲਏ ਸਾਹਿਬ ਵੱਲੋਂ ਪਹਿਲ ਦੇ ਅਧਾਰ ਤੇ ਕੰਮ ਕਰਵਾਉਣ ਦਾ ਭਰੋਸਾ ਦਿਵਾਇਆ ਹੈ ਤੇ ਜਲਦੀ ਹੀ ਇਸ ਗੰਦੇ ਨਾਲੇ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਵੀ ਕੋਈ ਮਤਲਬ ਭਾਗੀ ਘਟਨਾ ਨਾ ਵਾਪਰ ਸਕੇ। ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਕਦੋਂ ਪ੍ਰਸ਼ਾਸਨ ਜਾਗੇਗਾ ਅਤੇ ਲੋਕਾਂ ਦੇ ਦਰਵਾਜ਼ਿਆਂ ਵਿੱਚ ਮੌਤ ਦੇ ਖੂਹਾਂ ਤੋਂ ਲੋਕਾਂ ਦਾ ਬਚਾਅ ਹੋ ਸਕੇਗਾ।

LEAVE A REPLY

Please enter your comment!
Please enter your name here