ਅੱਜ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਕਾਫੀ ਹੰਗਾਮੇ ਭਰਪੂਰ ਰਹੀ। ਇਸ ਦੌਰਾਨ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਆਗੂਆਂ ਵਿਚਾਲੇ ਤਿੱਖੀ ਨੋਕ-ਝੋਕ ਹੋਈ। ਖਾਸ ਕਰ ਕੇ ਮੁੱਖ ਮੰਤਰੀ ਮਾਨ ਦੇ ਬੋਲਣ ਸਮੇਂ ਮੁੱਖ ਮੰਤਰੀ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਬਹਿਸ਼ ਹੋ ਗਈ। ਵਿਵਾਦ ਉਦੋਂ ਹੋਰ ਭੜਕ ਗਿਆ ਜਦੋਂ ਬਾਜਵਾ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜਾਮ ਲਾਉਣੇ ਸ਼ੁਰੂ ਕੀਤੇ। ਮੁੱਖ ਮੰਤਰੀ ਮਾਨ ਨੇ ਬਾਜਵਾ ‘ਤੇ ਸੂਬੇ ਦੀਆਂ ਅਸਲੀਆਂ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਤੁਹਾਨੂੰ ਪੰਜਾਬ ਦੀਆਂ ਲੋੜਾਂ ‘ਤੇ ਧਿਆਨ ਦੇਣਾ ਚਾਹੀਦਾ, ਨਾ ਕਿ ਬੇਲੋੜੀਆਂ ਗੱਲਾਂ ਵਿੱਚ ਪੈਣਾ।” ਬਾਜਵਾ ਦੇ ਲਗਾਤਾਰ ਬੋਲਣ ‘ਤੇ ਮਾਨ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ, “ਬੈਠ ਜਾਓ, ਅਜੇ ਤਾਂ 12 ਹੀ ਵਜੇ ਹਾਂ। ਵਿਰੋਧੀ ਧਿਰ ਦੇ ਨੇਤਾ ਨੇ 12 ਵਜੇ ਸ਼ਬਦ ਨੂੰ ਸਿੱਖਾਂ ਦੇ 12 ਵੱਜਣ ਨਾਲ ਜੋੜ ਕੇ ਉਛਾਲਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਮੁੱਖ ਮੰਤਰੀ ਮਾਨ ਹੋਰ ਤੈਸ਼ ਵਿਚ ਆ ਗਏ ਅਤੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ। ਇਸ ਤੋਂ ਬਾਅਦ ‘ਆਪ’ ਆਗੂਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਸਿੱਖ ਸੰਪਰਦਾ ‘ਤੇ ਹਮਲਾ ਕਰਾਰ ਦਿੱਤਾ। ਚੀਮਾ ਨੇ ਮੰਗ ਕੀਤੀ, “ਇਹ ਅਪਮਾਨਜਨਕ ਹੈ। ਬਾਜਵਾ ਨੂੰ ਇਸ ਗੱਲ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਹੰਗਾਮਾ ਵਧਣ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਥਿਤੀ ਨੂੰ ਕਾਬੂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ, ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਹੋਣ ਦੀ ਸਲਾਹ ਦਿੰਦਿਆਂ ਕਿਹਾ, “ਆਓ, ਇਸ ਨੂੰ ਨਿੱਜੀ ਨਾ ਬਣਾਈਏ। ਸਾਡਾ ਫੋਕਸ ਪੰਜਾਬ ਦੀ ਭਲਾਈ ‘ਤੇ ਹੋਣਾ ਚਾਹੀਦਾ, ਨਾ ਕਿ ਬਿਆਨਬਾਜ਼ੀ ‘ਤੇ। ਬਾਜਵਾ ਨੇ ਤੁਰੰਤ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ, ਪਰ ਕਾਂਗਰਸ ਸੂਤਰਾਂ ਨੇ ਬਾਅਦ ਵਿੱਚ ਦੱਸਿਆ ਕਿ ਇਹ ਟਿੱਪਣੀ ਮਜ਼ਾਕ ਵਜੋਂ ਕਹੀ ਗਈ ਸੀ ਅਤੇ ਕਿਸੇ ਫਿਰਕੂ ਇਰਾਦੇ ਨਾਲ ਨਹੀਂ। ਇਸ ਘਟਨਾ ਕਾਰਨ ਸੈਸ਼ਨ ਦੇ ਰਹਿੰਦੇ ਦਿਨਾਂ ਦੌਰਾਨ ਵੀ ਹੰਗਾਮੇ ਹੋਣ ਦੇ ਆਸਾਰ ਨੇ।