ਬਠਿੰਡਾ ਦੇ ਜੁਝਾਰ ਨਗਰ ਇਲਾਕੇ ਵਿਚੋਂ ਦਿਲ ਦਹਿਲਾਉਣ ਵਾਲੀ ਖਬਰ ਸਾਮਣੇ ਆਈ ਐ। ਇੱਥੇ ਦੋ ਸਕੇ ਭਰਾਵਾਂ ਦੀਆਂ ਘਰ ਅੰਦਰੋਂ ਭੇਦਭਰੀ ਹਾਲਤ ਵਿਚ ਲਾਸ਼ਾਂ ਬਰਾਮਦ ਹੋਈਆਂ ਨੇ। ਦੋਵਾਂ ਵਿਚੋਂ ਇਕ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਜਦਕਿ ਦੂਜੇ ਭਰਾ ਦੀ ਲਾਸ਼ ਬੈਡ ਤੇ ਪਈ ਸੀ। ਇਨ੍ਹਾਂ ਦੇ ਮਾਪਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਐ ਅਤੇ ਦੋਵੇਂ ਇਕੱਲੇ ਰਹਿ ਰਹੇ ਸਨ। ਪੁਲਿਸ ਨੇ ਮ੍ਰਿਤਕ ਦੇਹਾਂ ਸਿਵਲ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਪਹੁੰਚੇ ਡੀਐਸਪੀ ਸਿਟੀ-2 ਨੇ ਦੱਸਿਆ ਕਿ ਦੋ ਸਦੇ ਭਰਾਵਾਂ ਦੀਆਂ ਲਾਸਾਂ ਘਰ ਅੰਦਰ ਪਈਆਂ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਦ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਐ। ਮੌਕੇ ਤੇ ਪਹੁੰਚੇ ਐਨਜੀਓ ਦੇ ਵਰਕਰ ਨੇ ਦੱਸਿਆ ਕਿ ਮ੍ਰਿਤਕ ਦੋਨੋਂ ਭਰਾਵਾਂ ਦੀ ਉਮਰ ਇੱਕ ਦੀ 40 ਸਾਲ ਸੀ ਅਤੇ ਦੂਸਰੇ ਦੀ 40 ਤੋਂ 45 ਵਿਚਕਾਰ ਲੱਗ ਰਹੀ ਹੈ ਅਤੇ ਡੈਡ ਬੋਡੀ ਇਕ ਦੋ ਦਿਨ ਪੁਰਾਣੀ ਹੈ। ਮ੍ਰਿਤਕਾਂ ਦੀ ਪਛਾਣ ਨਗਰ ਸੁਧਾਰ ਟਰੱਸਟ ਵਿੱਚ ਕੰਮ ਕਰਨ ਵਾਲੇ 40 ਸਾਲਾ ਅਕਾਊਂਟੈਂਟ ਰਮਨ ਕੁਮਾਰ ਮਿੱਤਲ ਅਤੇ ਉਨ੍ਹਾਂ ਦੇ ਛੋਟੇ ਭਰਾ 35 ਸਾਲਾ ਅਜੈ ਮਿੱਤਲ ਵਜੋਂ ਹੋਈ ਹੈ। ਮੁੱਢਲੀ ਜਾਂਚ ਅਨੁਸਾਰ, ਅਜੈ ਮਿੱਤਲ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਉਨ੍ਹਾਂ ਦੇ ਦੋਵੇਂ ਗੁਰਦੇ ਫੇਲ੍ਹ ਹੋ ਗਏ ਸਨ। ਇਸ ਕਾਰਨ ਘਰ ਦੀ ਵਿੱਤੀ ਹਾਲਤ ਵੀ ਬਹੁਤ ਖਰਾਬ ਸੀ। ਪਰਿਵਾਰ ਦੇ ਪਿਛੋਕੜ ‘ਤੇ ਨਜ਼ਰ ਮਾਰੀਏ ਤਾਂ ਦੋਵਾਂ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਘਰੇਲੂ ਝਗੜੇ ਕਾਰਨ ਰਮਨ ਕੁਮਾਰ ਆਪਣੀ ਪਤਨੀ ਤੋਂ ਵੱਖ ਹੋ ਗਿਆ ਸੀ। ਦੋਵੇਂ ਭਰਾ ਜੱਦੀ ਘਰ ਵਿਚ ਇਕੱਲੇ ਰਹਿੰਦੇ ਸਨ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਸ਼ਨੀਵਾਰ ਅਤੇ ਐਤਵਾਰ ਨੂੰ ਘਰ ਵਿਚ ਕੰਮ ਕਰਨ ਵਾਲੀ ਨੌਕਰਾਣੀ ਦੇਵੀ ਘਰ ਦਾ ਦਰਵਾਜ਼ਾ ਬੰਦ ਦੇਖ ਕੇ ਵਾਪਸ ਆਈ। ਸੋਮਵਾਰ ਨੂੰ ਜਦੋਂ ਉਸਨੇ ਵਾਰ-ਵਾਰ ਦਰਵਾਜ਼ਾ ਖੜਕਾਇਆ ਅਤੇ ਫ਼ੋਨ ਨਹੀਂ ਚੁੱਕਿਆ ਗਿਆ ਤਾਂ ਉਸਨੇ ਗੁਆਂਢੀਆਂ ਨੂੰ ਸੂਚਿਤ ਕੀਤਾ। ਜਦੋਂ ਸਾਥੀ ਨਗਰ ਸੁਧਾਰ ਟਰੱਸਟ ਦਫ਼ਤਰ ਤੋਂ ਲਗਾਤਾਰ ਗੈਰਹਾਜ਼ਰ ਰਹਿਣ ਕਾਰਨ ਰਮਨ ਕੁਮਾਰ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਅੰਦਰੋਂ ਬੰਦ ਪਾਇਆ ਗਿਆ। ਦਰਵਾਜ਼ਾ ਤੋੜਨ ‘ਤੇ ਇਕ ਭਰਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ, ਜਦੋਂ ਕਿ ਦੂਜੇ ਭਰਾ ਦੀ ਲਾਸ਼ ਬਿਸਤਰੇ ‘ਤੇ ਪਈ ਸੀ। ਡੀਐੱਸਪੀ ਸਰਬਜੀਤ ਸਿੰਘ ਨੇ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ ਪਰ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੀ ਪਹਿਲਾਂ ਇਕ ਭਰਾ ਦਾ ਕਤਲ ਕੀਤਾ ਗਿਆ ਸੀ ਅਤੇ ਬਾਅਦ ਵਿਚ ਦੂਜੇ ਨੇ ਖੁਦਕੁਸ਼ੀ ਕੀਤੀ। ਉਨ੍ਹਾਂ ਕਿਹਾ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।