ਮੌਸਮ ਵਿਭਾਗ ਵੱਲੋਂ ਇਸ ਵਾਰ ਜ਼ਿਆਦਾ ਮੀਂਹ ਦੀ ਕੀਤੀ ਅਗਾਊਂ ਭਵਿੱਖਬਾਣੀ ਸੱਚ ਸਾਬਤ ਹੋਣ ਲੱਗੀ ਐ। ਮੌਨਸੂਨ ਦੀ ਆਮਦ ਤੋਂ ਬਾਅਦ ਜਿੱਥੇ ਪਹਾੜੀ ਇਲਾਕਿਆਂ ਅੰਦਰ ਭਾਰੀ ਮੀਂਹ ਕਾਰਨ ਤਬਾਹੀ ਦੀਆਂ ਖਬਰਾਂ ਆ ਰਹੀਆਂ ਨੇ ਉੱਥੇ ਹੀ ਹੁਣ ਅਜਿਹਾ ਹੀ ਮੰਜ਼ਰ ਮੈਦਾਨੀ ਇਲਾਕਿਆਂ ਅੰਦਰ ਵੀ ਨਜ਼ਰ ਆਉਣ ਲੱਗਾ ਐ। ਖਾਸ ਕਰ ਕੇ ਪਹਾੜੀਆਂ ਦੇ ਮੁਢ ਵਿਚ ਪੈਂਦੇ ਕੰਢੀ ਇਲਾਕੇ ਅੰਦਰ ਮੀਂਹ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਐ। ਅਜਿਹੀਆਂ ਦੀ ਤਸਵੀਰਾਂ ਕੰਢੀ ਇਲਾਕੇ ਵਿਚ ਪੈਂਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸਾਹਮਣੇ ਆਈਆਂ ਨੇ…ਜ਼ਿਲ੍ਹੇ ਦੇ ਭਰਵਾਈ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਕੋਟਲਾ ਗੌਂਸਪੁਰ ਵਿਚੋਂ ਲੰਘਦੀ ਕੰਢੀ ਕਨਾਲ ਨਹਿਰ ਨੂੰ ਭਾਰੀ ਮੀਂਹ ਦੇ ਚਲਦਿਆਂ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਐ। ਬਰਸਾਤੀ ਪਾਣੀ ਨਾਲ ਇਸ ਦੇ ਕਿਨਾਰਿਆਂ ਵਿਚ ਵੱਡਾ ਪਾੜ ਪੈ ਗਿਆ ਐ, ਜਿਸ ਦੇ ਚਲਦਿਆਂ ਸਥਾਨਕ ਵਾਸੀਆਂ ਵਿਚ ਦਹਿਸ਼ਤ ਪਾਈ ਜਾ ਰਹੀ ਐ। ਪਿੰਡ ਵਾਸੀਆਂ ਮੁਤਾਬਕ ਹਰ ਸਾਲ ਇਸੇ ਤਰ੍ਹਾਂ ਬਰਸਾਤ ਕਾਰਨ ਨਹਿਰ ਕਿਨਾਰੇ ਪਾੜ ਪੈਂਦੇ ਹਨ ਜਿਸ ਕਾਰਨ ਉਨਾਂ ਦੇ ਘਰਾਂ ਨੂੰ ਵੀ ਖਤਰਾ ਹੈ। ਅੱਧੀ ਦਰਜਨ ਤੋਂ ਵੱਧ ਪਿੰਡਾਂ ਨੂੰ ਇਹੋ ਰਸਤਾ ਪੈਂਦਾ ਐ। ਇੱਥੇ ਆਵਾਜਾਈ ਆਮ ਰਹਿੰਦੀ ਐ। ਇੱਥੇ ਸਕੂਲੀ ਬੱਸਾਂ ਵੀ ਲੰਘਦੀਆਂ ਨੇ ਅਤੇ ਨਹਿਰ ਦੇ ਕਿਨਾਰੇ ਕਮਜੋਰ ਹੋਣ ਕਾਰਨ ਵਿਦਿਆਰਥੀਆਂ ਨਾਲ ਹਾਦਸਾ ਵਾਪਰ ਸਕਦਾ ਐ। ਸਥਾਨਕ ਵਾਸੀਆਂ ਨੇ ਨਹਿਰੀ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਤੋਂ ਨਹਿਰ ਦੇ ਕੰਢੇ ਪੱਕੇ ਕਰਨ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਦੀ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਐ ਤਾਂ ਜੋ ਆਉਂਦੇ ਦਿਨਾਂ ਦੌਰਾਨ ਹੋਰ ਮੀਂਹ ਪੈਣ ਦੀ ਸੂਰਤ ਵਿਚ ਲੋਕਾਂ ਦੇ ਜਾਨ ਮਾਲ ਦੀ ਰਾਖੀ ਹੋ ਸਕੇ।