ਕਪੂਰਥਲਾ ਨਾਲ ਸਬੰਧਤ ਬਲਵਿੰਦਰ ਸਿੰਘ ਨਾਮ ਦੇ ਨੌਜਵਾਨ ਦੇ ਮਾਪਿਆਂ ਨੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤਕ ਪਹੁੰਚ ਕਰ ਕੇ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਐ। ਇਹ ਨੌਜਵਾਨ ਏਜੰਟ ਨੂੰ ਲੱਖਾਂ ਰੁਪਏ ਦੇ ਕੇ ਅਮਰੀਕਾ ਗਿਆ ਸੀ, ਜਿਸ ਨੇ ਅੱਗੇ ਡੌਕਰਾਂ ਹਵਾਲੇ ਕਰ ਦਿੱਤਾ ਐ। ਇਹ ਨੌਜਵਾਨ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਕੋਲੰਬੀਆ ਪਹੁੰਚ ਗਿਆ ਐ, ਜਿੱਥੇ ਉਸ ਨੇ ਵੀਡੀਓ ਵਾਇਰਲ ਕਰ ਕੇ ਮਦਦ ਲਈ ਗੁਹਾਰ ਲਗਾਈ ਐ। ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਇਹ ਸਾਰਾ ਕੁੱਝ ਵੇਚ ਕੇ ਏਜੰਟ ਨੂੰ ਦੇ ਚੁੱਕੇ ਨੇ ਪਰ ਉਸ ਨੇ ਧੋਖੇ ਨਾਲ ਡੌਕਰਾਂ ਹਵਾਲੇ ਕਰ ਦਿੱਤਾ ਐ। ਪਰਿਵਾਰ ਨੇ ਨੌਜਵਾਨ ਨੂੰ ਵਾਪਸ ਲਿਆਉਣ ਵਿਚ ਮਦਦ ਦੇ ਨਾਲ ਨਾਲ ਏਜੰਟ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਕੋਲੰਬੀਆਂ ਦੇ ਜੰਗਲਾਂ ਵਿੱਚ ਡੌਕਰਾਂ ਤੋਂ ਜਾਨ ਬਚਾ ਕੇ ਨਿਕਲੇ 25 ਸਾਲਾਂ ਨੌਜਵਾਨ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਰੌਂਗੰਟੇ ਖੜੇ ਕਰਨ ਵਾਲੀ ਘਟਨਾ ਦੱਸਦਿਆ ਕਿਹਾ ਕਿ ਉਨ੍ਹਾਂ ਨੇ ਆਪਣੇ ਲੜਕੇ ਨੂੰ ਅਮਰੀਕਾ ਲਈ ਭੇਜਿਆ ਸੀ। ਪਰ ਏਜੰਟਾਂ ਵੱਲੋਂ ਉਹਨਾਂ ਦੇ ਲੜਕੇ ਸਮੇਤ ਚਾਰ ਹੋਰ ਨੌਜਵਾਨਾਂ ਨੂੰ ਡੌਕਰਾਂ ਹਵਾਲੇ ਕਰ ਦਿੱਤਾ, ਜਿਨ੍ਹਾਂ ਵੱਲੋਂ ਉਹਨਾਂ ਨੂੰ 5 ਮਹੀਨੇ ਤੱਕ ਬੰਦੀ ਬਣਾ ਕਿ ਰੱਖਿਆ ਗਿਆ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਡੌਕਰਾਂ ਨੇ ਤਿੰਨ ਨੌਜਵਾਨਾਂ ਨੂੰ ਤਾਂ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਿਨ੍ਹਾਂ ਦੀ ਕੁੱਝ ਸਮਾਂ ਪਹਿਲਾਂ ਸ਼ੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੋਈਆਂ। ਉਹਨਾਂ ਦੱਸਿਆ ਕਿ ਡੋਕਰਾਂ ਵੱਲੋਂ ਉਨ੍ਹਾਂ ਦੇ ਮੁੰਡੇ ਬਲਵਿੰਦਰ ਨੂੰ ਗੋਲੀ ਮਾਰਨ ਦੇ ਆਰਡਰ ਦਿੱਤੇ ਗਏ ਸੀ ਪਰ ਉਹ ਉਥੋਂ ਕਿਸੇ ਨਾ ਕਿਸੇ ਤਰੀਕੇ ਬਚ ਨਿਕਲਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਨੇ ਉੱਥੋਂ 600 ਕਿਲੋਮੀਟਰ ਦਾ ਸਫਰ ਕਰਕੇ ਇੱਕ ਸ਼ਹਿਰ ਵਿੱਚ ਪਹੁੰਚ ਕਿ 5 ਮਹੀਨੇ ਬਾਅਦ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਸਾਰੇ ਹਲਾਤਾਂ ਬਾਰੇ ਦੱਸਿਆ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਹਨਾਂ ਕੈਨੇਡਾ ਗਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਫੋਨ ਤੇ ਸੰਪਰਕ ਕੀਤਾ ਜਿਹਨਾਂ ਤੁਰੰਤ ਕਾਰਵਾਈ ਕਰਦਿਆ ਹੋਇਆ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਕੋਲੰਬੀਆ ਤੋਂ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਤੁਰੰਤ ਇਸ ਨੂੰ ਵਿਦੇਸ਼ ਮੰਤਰਾਲੇ ਕੋਲ ਉਠਾਇਆ। ਇਸਦੇ ਨਾਲ ਹੀ ਉਹਨਾਂ ਵੱਲੋਂ ਕੋਲੰਬੀਆ ਵਿਚਲੇ ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਤੇ ਬਲਵਿੰਦਰ ਦੀ ਸੁਰੱਖਿਅਤ ਵਾਪਸੀ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕਰਕੇ ਦਿੱਤੇ।