ਸਮਰਾਲਾ ਪ੍ਰਸ਼ਾਸਨ ਨੇ ਚੁਕਵਾਇਆ ਘਰ ਅੰਦਰ ਬਣਿਆ ਕੂੜੇ ਦਾ ਡੰਪ/ ਡੰਪ ਕੀਤੀਆਂ ਹੋਈਆਂ ਸੀ ਗਲੀਆ-ਸੜੀਆਂ ਸਬਜ਼ੀਆਂ ਤੇ ਫਰੂਟ/ ਪਸ਼ੂਆਂ ਨੂੰ ਪਾਉਣ ਲਈ ਕੂੜਾ ਇਕੱਠਾ ਕਰ ਲਿਆਉਂਦਾ ਸੀ ਸਖਸ਼

0
4

ਸਮਰਾਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਹਦੂਦ ਅੰਦਰ ਪੈਂਦੇ ਪਿੰਡ ਭਗਵਾਨਪੁਰਾ ਦੇ ਇਕ ਘਰ ਅੰਦਰੋਂ ਕੂੜੇ ਦਾ ਡੰਪ ਚੁਕਵਾਉਣ ਦੀ ਖਬਰ ਸਾਹਮਣੇ ਆਈ ਐ।  ਪ੍ਰਸ਼ਾਸਨ ਨੇ ਇਹ ਕਾਰਵਾਈ ਪੰਚਾਇਤ ਦੀ ਸ਼ਿਕਾਇਤ ’ਤੇ ਕੀਤੀ ਐ। ਪ੍ਰਸ਼ਾਸਨ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਵਿਚ ਇਕ ਸਖਸ਼ ਵੱਲੋਂ ਪਸ਼ੂਆਂ ਨੂੰ ਪਾਉਣ ਲਈ ਗਲੀਆਂ-ਸੜੀਆਂ ਸਬਜ਼ੀ ਤੇ ਫਰੂਟ ਭਾਰੀ ਮਾਤਰਾ ਵਿਚ ਇਕੱਤਰ ਕੀਤੇ ਹੋਏ ਨੇ, ਜਿਸ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆਂ ਹੋਇਆ ਐ। ਮੌਕੇ ਤੇ ਪਹੁੰਚੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੁਲਿਸ ਦੀ ਮਦਦ ਨਾਲ ਘਰ ਅੰਦਰੋਂ ਭਾਰੀ ਮਾਤਰਾ ਵਿਚ ਕੂੜਾ ਚੁਕਵਾਇਆ ਗਿਐ। ਇਸ ਸਖਸ ਨੇ ਘਰ ਅੰਦਰ ਗਲੀਆਂ ਸੜੀਆਂ ਸਬਜ਼ੀਆਂ, ਫਰੂਟ ਤੋਂ ਇਲਾਵਾ ਖਾਲੀ ਬੋਤਲਾਂ, ਲਿਫਾਫੇ, ਗੰਦੇ ਕੱਪੜੇ ਤੇ ਹੋਰ ਬਹੁਤ ਸਾਰਾ ਸਾਮਾਨ ਸਟੋਰ ਕਰ ਕੇ ਰੱਖਿਆ ਹੋਇਆ ਸੀ, ਜਿਸ ਨੂੰ ਪ੍ਰਸ਼ਾਸਨ ਨੇ ਸਫਾਈ ਸੇਵਕਾਂ ਦੀ ਮਦਦ ਨਾਲ ਚੁਕਵਾ ਦਿੱਤਾ ਐ। ਇਸ ਸੰਬੰਧੀ ਉਕਤ ਵਿਅਕਤੀ ਦੇ ਭਰਾ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਦੱਸਿਆ ਕਿ ਬਹੁਤ ਲੰਬੇ ਸਮੇਂ ਤੋਂ ਕਰਮਜੀਤ ਸਿੰਘ ਉਰਫ ਕਰਮਾ ਆਪਣੇ ਘਰ ਵਿੱਚ ਸ਼ਹਿਰ ਤੋਂ ਗਲੀਆਂ ਸੜੀਆਂ ਸਬਜ਼ੀਆਂ ,ਫਰੂਟ, ਅਤੇ ਕੂੜਾ ਇਕੱਠਾ ਕਰ ਭਰੀ ਜਾ ਰਿਹਾ ਸੀ ਜਿਸ ਕਾਰਨ ਇਹ ਇੱਕ ‘ਕੂੜਾ ਘਰ ‘ਬਣ ਗਿਆ ਸੀ। ਇਸ ਸੰਬੰਧ ਵਿੱਚ ਪੰਚਾਇਤ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਤੇ ਅੱਜ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਸ ਘਰ ਚੋਂ ਕੂੜਾ ਚੁਕਵਾਇਆ ਗਿਆ। ਉਹਨਾਂ ਦੱਸਿਆ ਕਿ ਕਰਮਜੀਤ ਸਿੰਘ ਦੇ ਨਾਲ ਘਰ ਵਿੱਚ ਉਸਦੀ ਮਾਤਾ ਵੀ ਰਹਿੰਦੀ ਹੈ ਅਤੇ ਉਹ ਵੀ ਇਸ ਗੰਦਗੀ ਭਰੇ ਜੀਵਨ ਤੋਂ ਪਰੇਸ਼ਾਨ ਸੀ ਪਰ ਉਕਤ ਕਰਮਜੀਤ ਸਿੰਘ ਆਪਣੇ ਘਰ ਵਿੱਚੋਂ ਕੂੜਾ ਚੁਕਵਾਉਣ ਨੂੰ ਮੰਨਦਾ ਨਹੀਂ ਸੀ। ਉਹਨਾਂ ਇਹ ਵੀ ਦੱਸਿਆ ਕਿ ਉਕਤ ਵਿਅਕਤੀ ਨੂੰ ਰੋਕਣ ਤੇ ਆਪਣੇ ਆਪ ਨੂੰ ਸਰਕਾਰੀ ਮੁਲਾਜ਼ਮ ਦੱਸਦਾ ਸੀ ਅਤੇ ਕਹਿੰਦਾ ਸੀ ਕੋਈ ਕਿਵੇਂ ਉਸਨੂੰ ਰੋਕ ਸਕਦਾ ਹੈ। ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਦੱਸਿਆ ਕਿ ਜਿਹੜਾ ਕੂੜਾ ਉਕਤ ਵਿਅਕਤੀ ਸ਼ਹਿਰ ਚੋਂ ਇਕੱਠਾ ਕਰ ਲਿਆਉਂਦਾ ਸੀ ਜਿਸ ਵਿੱਚ ਗਲੀਆਂ ਸੜੀਆਂ ਸਬਜ਼ੀਆਂ ਤੇ ਫਰੂਟ ਹੁੰਦੇ ਸਨ ਇਹ ਗਲੀਆਂ ਸੜਿਆ ਸਮਾਨ ਘਰ ਵਿੱਚ ਰੱਖੇ ਦੁਧਾਰੂ ਪਸ਼ੂਆਂ ਨੂੰ ਪਾਉਂਦਾ ਸੀ ਜੋ ਇੱਕ ਮਨੁੱਖੀ ਤਸ਼ਦਦ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਜਦੋਂ ਉਕਤ ਵਿਅਕਤੀ ਨੂੰ ਇਹ ਕਰਨ ਬਾਰੇ ਰੋਕਿਆ ਜਾਂਦਾ ਸੀ ਤਾਂ ਸਾਨੂੰ ਉਹ ਉਲਟਾ ਬੋਲਦਾ ਸੀ। ਉਹਨਾਂ ਅਪੀਲ ਕੀਤੀ ਕਿ ਸਿਹਤ ਵਿਭਾਗ ਨੂੰ ਵੀ ਲੋਕਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਨਾਂ ਨੇ ਆਪਣੇ ਘਰ ਵਿੱਚ ਦੁਧਾਰੂ ਪਸ਼ੂ ਰੱਖੇ ਹਨ ਕਿ ਉਹ ਪਸ਼ੂਆਂ ਨੂੰ ਕੀ ਖਾਣ ਨੂੰ ਪਾਉਂਦੇ ਹਨ। ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਕਰਮਜੀਤ ਸਿੰਘ ਦੇ ਘਰ ਵਿੱਚ ਪਏ ਕੂੜੇ ਤੋਂ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਸਨ। ਜਦੋਂ ਇਹ ਮਾਮਲਾ ਪੰਚਾਇਤ ਵਿੱਚ ਆਇਆ ਤਾਂ ਅਸੀਂ ਮਤਾ ਪਾ ਵੱਖ ਵੱਖ ਵਿਭਾਗਾਂ ਨੂੰ ਸੂਚਿਤ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਜਦੋਂ ਉਕਤ ਵਿਅਕਤੀ ਨੂੰ ਘਰ ਵਿੱਚ ਪਏ ਕੂੜੇ ਨੂੰ ਹਟਾਉਣ ਨੂੰ ਕਹਿੰਦੇ ਸਨ ਤਾਂ ਕਹਿੰਦਾ ਸੀ ਕਿ ਨਗਰ ਕੌਂਸਲ ਦਾ ਮੁਲਾਜ਼ਮ ਹਾਂ ਅਤੇ ਇਸ ਕਰਕੇ ਇਹ ਕੂੜਾ ਸ਼ਹਿਰ ਚੋਂ ਇਕੱਠਾ ਕਰ ਲਿਆ ਹੁੰਦਾ ਹਾਂ। ਉਹਨਾਂ ਕਿਹਾ ਕਿ ਇਹ ਸਭ ਕੁਝ ਝੂਠ ਬੋਲ ਰਿਹਾ ਸੀ ਕਿਉਂਕਿ ਪਿੰਡ ਵਿੱਚ ਕੂੜੇ ਦਾ ਡੰਪ ਨਹੀਂ ਬਣ ਸਕਦਾ ਇਸ ਕਾਰਨ ਅੱਜ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਉਕਤ ਵਿਅਕਤੀ ਦੇ ਘਰ ਵਿੱਚੋਂ ਕੂੜਾ ਚੁਕਵਾਇਆ ਗਿਆ ਜੇਕਰ ਅੱਗੇ ਤੋਂ ਕੂੜਾ ਉਕਤ ਵਿਅਕਤੀ ਲੈ ਕੇ ਆਵੇਗਾ ਤਾਂ ਉਸ ਉਪਰ ਹੋਰ ਵੱਡੀ ਕਾਰਵਾਈ ਹੋਵੇਗੀ।

LEAVE A REPLY

Please enter your comment!
Please enter your name here