ਮੋਗਾ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਦਿਨੋਂ ਦਿਨ ਵਿਕਰਾਲ ਰੂਪ ਅਖਤਿਆਰ ਕਰਦੀ ਜਾ ਰਹੀ ਐ। ਇੱਥੇ ਸ਼ਹਿਰ ਦੇ ਗਲੀਆਂ ਬਜ਼ਾਰਾਂ ਵਿਚ ਹਰ ਸਮੇਂ ਭੀੜ ਲੱਗੀ ਰਹਿੰਦੀ ਐ। ਟਰੈਫਿਕ ਜਾਮ ਦਾ ਮੁੱਖ ਕਾਰਨ ਈ-ਰਿਕਸ਼ਾ ਚਾਲਕਾਂ ਨੂੰ ਮੰਨਿਆ ਜਾ ਰਿਹਾ ਐ, ਜੋ ਟਰੈਫਿਕ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਆਪਣੇ ਵਾਹਨਾਂ ਨੂੰ ਭੀੜ-ਭਾੜ ਵਾਲੇ ਰਸਤਿਆਂ ਵਿਚ ਭਜਾਈ ਫਿਰਦੇ ਨੇ। ਇਹ ਜਿੱਥੇ ਦਿਲ ਕਰਦਾ ਐ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਨੇ। ਇਸ ਤੋਂ ਇਲਾਵਾ ਆਮ ਸ਼ਹਿਰੀ ਵੀ ਟਰੈਫਿਕ ਸਮੱਸਿਆ ਵਾਧੇ ਵਿਚ ਆਪਣਾ ਯੋਗਦਾਨ ਪਾ ਰਹੇ ਨੇ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਸ਼ਹਿਰ ਵਾਸੀਆਂ ਦਾ ਕਹਿਣਾ ਐ ਕਿ ਟਰੈਫਿਕ ਪੁਲਿਸ ਭਾਵੇਂ ਨਾਕੇਬੰਦੀ ਕਰ ਕੇ ਚੱਲਾਨ ਕਰ ਰਹੀ ਐ ਪਰ ਟਰੈਫਿਕ ਸਮੱਸਿਆ ਦੇ ਹੱਲ ਲਈ ਪੁਖਤਾ ਕਦਮ ਨਹੀਂ ਚੁੱਕੇ ਜਾ ਰਹੇ। ਸ਼ਹਿਰ ਵਾਸੀਆਂ ਨੇ ਆਵਾਜਾਈ ਨਿਯਮ ਤੋੜਣ ਵਾਲਿਆਂ ਖਿਲਾਫ ਸਖਤ ਐਕਸ਼ਨ ਦੀ ਮੰਗ ਕੀਤੀ ਐ। ਉਧਰ ਟਰੈਫਿਕ ਸਮੱਸਿਆ ਬਾਰੇ ਪੁੱਛੇ ਜਾਣ ਤੇ ਟਰੈਫਿਕ ਅਧਿਕਾਰੀ ਨੇ ਕਿਹਾ ਕਿ ਪੁਲਿਸ ਵੱਲੋਂ ਆਵਾਜਾਈ ਨਿਯਮ ਲਾਗੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਈ-ਰਿਕਸ਼ਾ ਚਾਲਕਾਂ ਬਾਰੇ ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਚਾਲਕਾਂ ਲਈ ਮਾਪਦੰਡ ਤੈਅ ਕੀਤੇ ਜਾ ਰਹੇ ਨੇ ਅਤੇ ਵਾਹਨ ਖੜ੍ਹੇ ਕਰਨ ਦੀ ਬਾਕਾਇਦਾ ਥਾਂ ਨਿਸਚਿਤ ਕੀਤੀ ਜਾਵੇਗੀ ਅਤੇ ਜੇਕਰ ਫਿਰ ਵੀ ਕਿਸੇ ਨੇ ਨਿਯਮਾਂ ਦੇ ਹਦਾਇਤਾਂ ਦੀ ਉਲੰਘਣਾ ਕੀਤੀ, ਤਾਂ ਸਖਤ ਐਕਸ਼ਨ ਲਿਆ ਜਾਵੇਗਾ।