ਰੋਪੜ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਸ਼ਹਿਰ ਦੇ ਅਦਰਸ਼ ਨਗਰ ਤੋਂ ਸਾਹਮਣੇ ਆਈ ਐ, ਜਿੱਥੇ ਦਿਨ ਦਿਹਾੜੇ ਘਰ ਅੰਦਰ ਦਾਖਲ ਹੋਏ ਚੋਰ 10 ਤੋਲੋ ਸੋਨਾ, ਨਕਦੀ ਅਤੇ 1000 ਡਾਲਰ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ। ਇਸੇ ਦੌਰਾਨ ਇਕ ਚੋਰ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਿਸ ਨੂੰ ਛਿੱਤਰ-ਪਰੇਡ ਤੋਂ ਬਾਦ ਪੁਲਿਸ ਹਵਾਲੇ ਕਰ ਦਿੱਤਾ ਐ। ਜਾਣਕਾਰੀ ਅਨੁਸਾਰ ਘਟਨਾ ਵੇਲੇ ਪਰਿਵਾਰ ਬੈਂਕ ਵਿਚ ਗਿਆ ਹੋਇਆ ਸੀ, ਜਿੱਥੇ ਫੋਟੋ ਦੀ ਜ਼ਰੂਰਤ ਪਈ ਅਤੇ ਜਦੋਂ ਉਹ ਘਰ ਫੋਟੋ ਲੈਣ ਆਏ ਤਾਂ ਚੋਰ ਘਰ ਅੰਦਰ ਹੀ ਮੌਜੂਦ ਸਨ। ਘਰ ਵਾਲਿਆਂ ਦੇ ਰੌਲਾ ਪਾਉਣ ਤੋਂ ਬਾਅਦ ਇਕੱਠਾ ਹੋਏ ਲੋਕਾਂ ਨੇ ਇਕ ਚੋਰ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।ਘਟਨਾ ਦੁਪਹਿਰ ਡੇਢ ਵਜੇ ਦੀ ਦੱਸੀ ਜਾ ਰਹੀ ਐ। ਘਟਨਾ ਸਮੇਂ ਘਰ ਦੇ ਮਾਲਕ ਕਿਸੇ ਕੰਮ ਲਈ ਬੈਂਕ ਗਏ ਹੋਏ ਸਨ, ਜਿੱਥੇ ਉਨ੍ਹਾਂ ਨੂੰ ਫੋਟੋ ਦੀ ਜਰੂਰਤ ਪਈ ਅਤੇ ਜਦੋਂ ਉਹ ਘਰ ਫੋਟੋ ਲੈਣ ਆਏ ਤਾਂ ਚੋਰ ਅੰਦਰ ਵਾਰਦਾਤ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਸਨ ਜਦਕਿ ਦੋ ਬਾਹਰ ਘੁੰਮ ਰਹੇ ਸਨ। ਪਰਿਵਾਰ ਵੱਲੋਂ ਰੌਲਾ ਪਾ ਦੇਣ ਕਾਰਨ ਮੌਕੇ ਤੇ ਲੋਕ ਇਕੱਠਾ ਹੋ ਗਏ, ਜਿਨ੍ਹਾਂ ਨੇ ਭੱਜਣ ਦੇ ਕੋਸ਼ਿਸ਼ ਕਰਦੇ ਇਕ ਚੋਰ ਨੂੰ ਕਾਬੂ ਕਰ ਲਿਆ ਜਦਕਿ ਬਾਕੀ ਭੱਜਣ ਵਿਚ ਸਫਲ ਹੋ ਗਏ। ਲੋਕਾਂ ਨੇ ਚੋਰ ਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਘਰ ਦੇ ਮਾਲਕ ਅਜੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਧਰਮ ਪਤਨੀ ਆਪਣੀ ਬੇਟੀ ਦਾ ਬੈਂਕ ਅਕਾਊਂਟ ਖੁਲਵਾਉਣ ਲਈ ਬੈਂਕ ਗਏ ਹੋਏ ਸਨ ਪਿੱਛੋਂ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਥਾਣਾ ਸਿਟੀ ਰੋਪੜ ਦੇ ਇੰਚਾਰਜ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਆਦਰਸ਼ ਨਗਰ ਵਿੱਚ ਅਜੇਸ਼ ਕੁਮਾਰ ਦੇ ਘਰ ਵਿੱਚ ਚੋਰੀ ਦੀ ਘਟਨਾ ਹੋਈ ਹੈ ਮੌਕੇ ਤੇ ਲੋਕਾਂ ਵੱਲੋਂ ਇੱਕ ਚੋਰ ਨੂੰ ਕਾਬੂ ਕਰਕੇ ਉਹਨਾਂ ਦੇ ਹਵਾਲੇ ਕੀਤਾ ਗਿਆ ਹੈ ਅਤੇ ਬਾਕੀ ਦੀ ਤਲਾਸ਼ ਕੀਤੀ ਜਾ ਰਹੀ ਹੈ।