ਸਰਦੀਆਂ ਦੀ ਆਮਦ ਨਾਲ ਕੇਸ਼ੋਪੁਰ ਛੰਬ ਹੋਈ ਗੁਲਜ਼ਾਰ/ ਵਿਦੇਸ਼ਾਂ ਤੋਂ ਪਹੁੰਚੇ ਹਜ਼ਾਰਾਂ ਪਰਵਾਸੀ ਪੰਛੀ

0
2

ਸਰਦੀਆਂ ਦੀ ਆਮਦ ਦੇ ਨਾਲ ਹੀ ਗੁਰਦਾਸਪੁਰ ਦੀ ਕੇਸ਼ੋਪੁਰ ਛੰਬ ਵਿੱਚ ਕੁਦਰਤ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ। ਹਜ਼ਾਰਾਂ ਮੀਲ ਦੂਰ ਸਾਈਬੇਰੀਆ ਅਤੇ ਤਿਬਤ ਸਮੇਤ ਵੱਖ-ਵੱਖ ਇਲਾਕਿਆਂ ਤੋਂ ਪਰਵਾਸੀ ਪੰਛੀ ਉਡਾਰੀਆਂ ਭਰ ਕੇ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਹਨ।
ਕਰੀਬ 850 ਏਕੜ ਵਿੱਚ ਫੈਲੀ ਕੇਸ਼ੋਪੁਰ ਛੰਬ ਧਰਤੀ ਹੇਠੋਂ ਨਿਕਲਣ ਵਾਲੇ ਪਾਣੀ ਨਾਲ ਕੁਦਰਤੀ ਤੌਰ ’ਤੇ ਬਣੀ ਹੋਈ ਹੈ। ਸਰਦੀਆਂ ਦੇ ਮੌਸਮ ਵਿੱਚ ਇਹ ਛੰਬ ਉਸ ਸਮੇਂ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ, ਜਦੋਂ ਵੱਖ-ਵੱਖ ਕਿਸਮਾਂ ਦੇ ਵਿਦੇਸ਼ੀ ਪੰਛੀ ਇੱਥੇ ਡੇਰੇ ਲਗਾਉਂਦੇ ਹਨ।
ਇਸ ਸਮੇਂ ਕਰੀਬ 2 ਹਜ਼ਾਰ ਪਰਵਾਸੀ ਪੰਛੀ ਕੇਸ਼ੋਪੁਰ ਛੰਬ ਵਿੱਚ ਪਹੁੰਚ ਚੁੱਕੇ ਹਨ। ਫਿਲਹਾਲ ਕਰੀਬ 10 ਕਿਸਮਾਂ ਦੇ ਪੰਛੀ ਇੱਥੇ ਦੇਖਣ ਨੂੰ ਮਿਲ ਰਹੇ ਹਨ, ਜਦਕਿ ਸਰਦੀ ਵਧਣ ਦੇ ਨਾਲ 100 ਤੋਂ ਵੱਧ ਕਿਸਮਾਂ ਦੇ ਪੰਛੀਆਂ ਦੇ ਪਹੁੰਚਣ ਦੀ ਉਮੀਦ ਹੈ। ਪਾਣੀ ਵਿੱਚ ਤੈਰਦੇ ਅਤੇ ਅਸਮਾਨ ਵਿੱਚ ਝੁੰਡਾਂ ਦੇ ਰੂਪ ਵਿੱਚ ਉਡਾਰੀਆਂ ਭਰਦੇ ਇਹ ਪੰਛੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਇਨ੍ਹਾਂ ਪਰਵਾਸੀ ਪੰਛੀਆਂ ਨੂੰ ਦੇਖਣ ਲਈ ਦੂਰ-ਦੂਰ ਤੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਸੈਲਾਨੀ ਵੀ ਕੇਸ਼ੋਪੁਰ ਛੰਬ ਪਹੁੰਚ ਰਹੇ ਹਨ। ਵਨ ਵਿਭਾਗ ਵੱਲੋਂ ਸੈਲਾਨੀਆਂ ਅਤੇ ਪੰਛੀਆਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਵਨ ਵਿਭਾਗ ਦੇ ਅਧਿਕਾਰੀ ਮਨਵੀਰ ਸਿੰਘ ਨੇ ਉਮੀਦ ਜਤਾਈ ਕਿ ਇਸ ਸਾਲ ਪੰਛੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਵੱਧ ਰਹੇਗੀ। ਉਨ੍ਹਾਂ ਮੁਤਾਬਕ ਇਸ ਸਾਲ ਚੰਗੀ ਬਾਰਿਸ਼ ਹੋਣ ਕਾਰਨ ਛੰਬ ਵਿੱਚ ਪਾਣੀ ਦੀ ਮਾਤਰਾ ਕਾਫ਼ੀ ਹੈ ਅਤੇ 30 ਹਜ਼ਾਰ ਤੋਂ ਵੱਧ ਪਰਵਾਸੀ ਪੰਛੀਆਂ ਦੇ ਪਹੁੰਚਣ ਦੀ ਉਮੀਦ ਹੈ।

LEAVE A REPLY

Please enter your comment!
Please enter your name here