ਸੁਨਾਮ ਦਾ ਆਈ.ਟੀ.ਆਈ. ਚੌਂਕ ਬਣਿਆ ‘ਭਗਵਾਨ ਵਿਸ਼ਵਕਰਮਾ ਚੌਂਕ’/ ਅਮਨ ਅਰੋੜਾ ਨੇ ਕੀਤਾ ਲੋਕ ਅਰਪਣ/ ਵਿਰੋਧੀ ਗਠਜੋੜ ’ਤੇ ਵੀ ਕੱਸਿਆ ਤੰਜ਼

0
2

 

ਸੁਨਾਮ ਊਧਮ ਸਿੰਘ ਵਾਲਾ: ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਸੁਨਾਮ ਦੇ ਆਈ.ਟੀ.ਆਈ. ਚੌਂਕ ਦਾ ਨਵੀਨੀਕਰਨ ਕਰਕੇ ਇਸ ਨੂੰ ‘ਭਗਵਾਨ ਵਿਸ਼ਵਕਰਮਾ ਚੌਂਕ’ ਵਜੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਿਕਾਸ ਕਾਰਜਾਂ ਅਤੇ ਟ੍ਰੈਫਿਕ ਵਿਵਸਥਾ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੇ ਗਠਜੋੜ ਨੂੰ ਲੈ ਕੇ ਵੀ ਤਿੱਖੇ ਸਿਆਸੀ ਨਿਸ਼ਾਨੇ ਸਾਧੇ।

ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਸਾਲ ਵਿਸ਼ਵਕਰਮਾ ਦਿਵਸ ਮੌਕੇ ਉਨ੍ਹਾਂ ਇਲਾਕਾ ਨਿਵਾਸੀਆਂ ਨਾਲ ਆਈ.ਟੀ.ਆਈ. ਚੌਂਕ ਦੇ ਨਵੀਨੀਕਰਨ ਅਤੇ ਇਸ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਨਾਮ ’ਤੇ ਸਮਰਪਿਤ ਕਰਨ ਦਾ ਵਾਅਦਾ ਕੀਤਾ ਸੀ, ਜੋ ਹੁਣ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਸੰਸਥਾ ’ਤੇ ਪਹਿਲਾਂ ਹੀ ਕਰੀਬ ਸਾਢੇ 6 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਿੱਥੋਂ ਨੌਜਵਾਨ ਤਕਨੀਕੀ ਹੁਨਰ ਹਾਸਲ ਕਰਕੇ ਅੱਗੇ ਵਧ ਰਹੇ ਹਨ। ਇਸੇ ਕਰਕੇ ਭਗਵਾਨ ਵਿਸ਼ਵਕਰਮਾ ਜੀ ਨੂੰ ਸਮਰਪਿਤ ਚੌਂਕ ਲਈ ਇਹ ਜਗ੍ਹਾ ਢੁੱਕਵੀਂ ਹੈ।

ਟ੍ਰੈਫਿਕ ਵਿਵਸਥਾ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜ-ਮਾਰਗੀ ਚੌਂਕ ਨੂੰ ਨਵੀਂ ਯੋਜਨਾ ਤਹਿਤ ਤਿਆਰ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਪੰਜਾਂ ਵਿੱਚੋਂ ਚਾਰ ਪਾਸਿਆਂ ਤੋਂ ਆਉਣ-ਜਾਣ ਵਾਲਾ ਟ੍ਰੈਫਿਕ ਬਿਨਾਂ ਰੁਕਾਵਟ ਚੱਲ ਸਕੇਗਾ, ਜਦਕਿ ਬਠਿੰਡਾ-ਮਾਨਸਾ ਵਾਲੇ ਪਾਸੇ ਤੋਂ ਆ ਕੇ ਲਹਿਰਾਗਾਗਾ ਵੱਲ ਜਾਣ ਵਾਲੇ ਵਾਹਨਾਂ ਨੂੰ ਹੀ ਰੁਕਣਾ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਵੀਂ ਵਿਵਸਥਾ ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।

ਇਸ ਦੌਰਾਨ ਸਿਆਸੀ ਸਵਾਲਾਂ ਦੇ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਗਠਜੋੜ ’ਤੇ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਪਤਾ ਹੈ ਕਿ ਉਹ ਇਕੱਲੀਆਂ ਚੋਣਾਂ ਨਹੀਂ ਜਿੱਤ ਸਕਦੀਆਂ, ਪਰ ਪੰਜਾਬ ਦੇ ਲੋਕ ਜਾਣਦੇ ਹਨ ਕਿ ਇਕੱਠੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਫਲਤਾ ਨਹੀਂ ਮਿਲਣੀ। ਉਨ੍ਹਾਂ ਕਿਹਾ, “ਜ਼ੀਰੋ ਪਲੱਸ ਜ਼ੀਰੋ, ਜ਼ੀਰੋ ਹੀ ਰਹਿੰਦਾ ਹੈ।”

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਗਠਜੋੜ ਨਾਲ 15 ਸੀਟਾਂ ਵਧਣ ਦੇ ਕੀਤੇ ਦਾਅਵੇ ’ਤੇ ਵੀ ਅਮਨ ਅਰੋੜਾ ਨੇ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਬਾਹਰੀ ਪਾਰਟੀਆਂ ਨਾਲ ਗਠਜੋੜ ਕਰਨ ਤੋਂ ਪਹਿਲਾਂ ਰਾਜਾ ਵੜਿੰਗ, ਪ੍ਰਗਟ ਸਿੰਘ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਦੇ ਅੰਦਰ ਹੀ ਆਪਸ ਵਿੱਚ ਗਠਜੋੜ ਕਰ ਲੈਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀਆਂ ਜ਼ਮਾਨਤਾਂ ਬਚ ਸਕਣ।

LEAVE A REPLY

Please enter your comment!
Please enter your name here