
ਅਜਨਾਲਾ: ਪੰਜਾਬ ਵਿੱਚ ਵਧ ਰਹੀ ਮਹਿੰਗਾਈ ਦਾ ਅਸਰ ਹੁਣ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜੇ ਕਿਸਾਨਾਂ ’ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਪਸ਼ੂ ਫੀਡ, ਖਲ, ਚੂਰੀ, ਤੂੜੀ ਅਤੇ ਹੋਰ ਖੁਰਾਕੀ ਵਸਤਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਡੇਅਰੀ ਫਾਰਮਰਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਹਾਲਾਤ ਇਹ ਹਨ ਕਿ ਕਰੀਬ 45 ਰੁਪਏ ਪ੍ਰਤੀ ਲੀਟਰ ਦੁੱਧ ਵੇਚਣ ਦੇ ਬਾਵਜੂਦ ਕਈ ਪਸ਼ੂ ਪਾਲਕਾਂ ਨੂੰ ਖਰਚੇ ਕੱਢਣੇ ਮੁਸ਼ਕਲ ਹੋ ਰਹੇ ਹਨ ਅਤੇ ਕਈ ਵਾਰ ਪ੍ਰਤੀ ਲੀਟਰ ਇੱਕ ਤੋਂ ਦੋ ਰੁਪਏ ਤੱਕ ਘਾਟਾ ਪੈ ਰਿਹਾ ਹੈ। ਡੇਅਰੀ ਫਾਰਮਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਪਸ਼ੂ ਫੀਡ ਦੀਆਂ ਕੀਮਤਾਂ ਵਿੱਚ ਪ੍ਰਤੀ ਕੁਇੰਟਲ ਕਰੀਬ 200 ਤੋਂ 500 ਰੁਪਏ ਤੱਕ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਖਲ, ਚੂਰੀ, ਤੂੜੀ ਅਤੇ ਹੋਰ ਖੁਰਾਕੀ ਸਮੱਗਰੀ ਵੀ ਮਹਿੰਗੀ ਹੋ ਗਈ ਹੈ। ਵਧਦੀ ਲਾਗਤ ਦੇ ਮੁਕਾਬਲੇ ਦੁੱਧ ਦਾ ਖਰੀਦ ਭਾਅ ਉਸ ਅਨੁਪਾਤ ਵਿੱਚ ਨਾ ਵਧਣ ਕਾਰਨ ਡੇਅਰੀ ਫਾਰਮਰਾਂ ਲਈ ਮੁਨਾਫ਼ਾ ਕਮਾਉਣਾ ਔਖਾ ਹੋ ਗਿਆ ਹੈ।
ਖੁਰਾਕ, ਇਲਾਜ ਅਤੇ ਮਜ਼ਦੂਰੀ ਦੇ ਖਰਚੇ ਵਧੇ : ਡੇਅਰੀ ਫਾਰਮਰਾਂ ਮੁਤਾਬਕ ਪਸ਼ੂਆਂ ਦੀ ਖੁਰਾਕ ਤੋਂ ਇਲਾਵਾ ਉਨ੍ਹਾਂ ਦੇ ਇਲਾਜ, ਦੇਖਭਾਲ ਅਤੇ ਮਜ਼ਦੂਰੀ ਦੇ ਖਰਚਿਆਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਪਹਿਲਾਂ ਮਿਲਣ ਵਾਲੀ ਬੱਚਤ ਵੀ ਖ਼ਤਮ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁੱਧ ਦੀ ਪੈਦਾਵਾਰ ਲਈ ਵੱਡੀ ਮਾਤਰਾ ਵਿੱਚ ਪਸ਼ੂ ਫੀਡ ਦੀ ਲੋੜ ਹੁੰਦੀ ਹੈ ਅਤੇ ਫੀਡ ਦੀ ਕੀਮਤ ਵਿੱਚ ਹੋਣ ਵਾਲਾ ਹਰ ਵਾਧਾ ਸਿੱਧਾ ਉਨ੍ਹਾਂ ਦੀ ਲਾਗਤ ’ਤੇ ਅਸਰ ਪਾਉਂਦਾ ਹੈ। ਅਜਨਾਲਾ ਖੇਤਰ ਦੇ ਉੱਘੇ ਪਸ਼ੂ ਪਾਲਕ ਅਤੇ ਪੀ.ਡੀ.ਐੱਫ.ਏ. ਦੀ ਸੂਬਾ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਅਮਨਦੀਪ ਸਿੰਘ ਮਾਛੀਵਾਹਲਾ ਕੋਲ ਕਰੀਬ 150 ਗਾਵਾਂ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 10 ਤੋਂ 15 ਸਾਲਾਂ ਤੋਂ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜੇ ਹੋਏ ਹਨ, ਪਰ ਮੌਜੂਦਾ ਸਮੇਂ ਵਿੱਚ ਲਾਗਤ ਦੀ ਜਿਹੜੀ ਮਾਰ ਪੈ ਰਹੀ ਹੈ, ਉਹ ਪਹਿਲਾਂ ਕਦੇ ਨਹੀਂ ਦੇਖੀ। ਉਨ੍ਹਾਂ ਮੁਤਾਬਕ ਫੀਡ ਦੀਆਂ ਵਧਦੀਆਂ ਕੀਮਤਾਂ ਕਾਰਨ 45 ਰੁਪਏ ਪ੍ਰਤੀ ਲੀਟਰ ਦੇ ਕਰੀਬ ਦੁੱਧ ਵੇਚਣ ਦੇ ਬਾਵਜੂਦ ਕਈ ਵਾਰ ਇੱਕ ਤੋਂ ਦੋ ਰੁਪਏ ਪ੍ਰਤੀ ਲੀਟਰ ਤੱਕ ਘਾਟਾ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮਿੰਗ ਨੂੰ ਚਲਾਉਣ ਲਈ ਫੀਡ, ਦਵਾਈ, ਮਜ਼ਦੂਰੀ ਅਤੇ ਹੋਰ ਖਰਚੇ ਲਗਾਤਾਰ ਵਧ ਰਹੇ ਹਨ, ਜਦਕਿ ਦੁੱਧ ਦੀ ਕੀਮਤ ਉਸ ਅਨੁਪਾਤ ਵਿੱਚ ਨਹੀਂ ਵਧੀ।

ਫੀਡ ਦੀ ਕੀਮਤ ਦਾ ਦੁੱਧ ਉਤਪਾਦਨ ’ਤੇ ਸਿੱਧਾ ਅਸਰ : ਡੇਅਰੀ ਫਾਰਮਰਾਂ ਅਨੁਸਾਰ ਕਰੀਬ ਤਿੰਨ ਕਿਲੋ ਦੁੱਧ ਪੈਦਾ ਕਰਨ ਲਈ ਇੱਕ ਕਿਲੋ ਫੀਡ ਦੀ ਖਪਤ ਹੋ ਜਾਂਦੀ ਹੈ। ਅਜਿਹੇ ਵਿੱਚ ਪਸ਼ੂ ਫੀਡ ਦੀ ਕੀਮਤ ਵਿੱਚ ਹੋਣ ਵਾਲਾ ਮਾਮੂਲੀ ਵਾਧਾ ਵੀ ਉਨ੍ਹਾਂ ਦੀ ਉਤਪਾਦਨ ਲਾਗਤ ਅਤੇ ਮੁਨਾਫ਼ੇ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮਿੰਗ ਸਿਰਫ਼ ਇੱਕ ਪਰਿਵਾਰ ਦਾ ਕਿੱਤਾ ਨਹੀਂ ਹੈ, ਸਗੋਂ ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ। ਡੇਅਰੀ ਫਾਰਮਰਾਂ ਮੁਤਾਬਕ 100 ਗਾਵਾਂ ਦੇ ਇੱਕ ਫਾਰਮ ਤੋਂ ਘੱਟੋ-ਘੱਟ 10 ਵਿਅਕਤੀਆਂ ਨੂੰ ਸਿੱਧਾ ਰੁਜ਼ਗਾਰ ਮਿਲ ਸਕਦਾ ਹੈ। ਇਸ ਲਈ ਸਰਕਾਰ ਨੂੰ ਇਸ ਕਿੱਤੇ ਨੂੰ ਬਚਾਉਣ ਲਈ ਲਾਗਤ ਘਟਾਉਣ ਅਤੇ ਪਸ਼ੂ ਪਾਲਕਾਂ ਨੂੰ ਵਿੱਤੀ ਸਹਾਇਤਾ ਦੇਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਪ੍ਰਤੀ ਲੀਟਰ ਸਬਸਿਡੀ ਦੀ ਮੰਗ : ਡੇਅਰੀ ਫਾਰਮਰਾਂ ਨੇ ਪੰਜਾਬ ਸਰਕਾਰ ਤੋਂ ਪ੍ਰਤੀ ਲੀਟਰ ਦੁੱਧ ’ਤੇ ਸਬਸਿਡੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਹੋਰ ਸੂਬਿਆਂ ਵਿੱਚ ਦੁੱਧ ਉਤਪਾਦਕਾਂ ਨੂੰ ਪ੍ਰਤੀ ਲੀਟਰ ਪੰਜ ਤੋਂ ਸੱਤ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਵੀ ਇਸ ਤਰ੍ਹਾਂ ਦੀ ਸਹਾਇਤਾ ਯੋਜਨਾ ਲਾਗੂ ਕੀਤੀ ਜਾਵੇ ਤਾਂ ਡੇਅਰੀ ਫਾਰਮਰਾਂ ਨੂੰ ਵਧਦੀ ਲਾਗਤ ਤੋਂ ਕੁਝ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮਿਲਕਫੈੱਡ ਨੂੰ ਅਪੀਲ ਕੀਤੀ ਕਿ ਦੁੱਧ ਦੇ ਖਰੀਦ ਭਾਅ ਵਿੱਚ ਹੋਏ ਵਾਧੇ ਦਾ ਬਣਦਾ ਲਾਭ ਸਿੱਧਾ ਪਸ਼ੂ ਪਾਲਕਾਂ ਤੱਕ ਪਹੁੰਚਾਇਆ ਜਾਵੇ। ਡੇਅਰੀ ਫਾਰਮਰਾਂ ਦਾ ਕਹਿਣਾ ਹੈ ਕਿ ਜੇਕਰ ਦੁੱਧ ਦੀ ਖਰੀਦ ਕੀਮਤ ਅਤੇ ਪਸ਼ੂ ਫੀਡ ਦੀ ਲਾਗਤ ਵਿਚਲਾ ਪਾੜਾ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਇਹ ਕਿੱਤਾ ਕਿਸਾਨਾਂ ਲਈ ਘਾਟੇ ਦਾ ਸੌਦਾ ਬਣ ਸਕਦਾ ਹੈ। ਡੇਅਰੀ ਫਾਰਮਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਸ਼ੂ ਫੀਡ ਦੀਆਂ ਵਧਦੀਆਂ ਕੀਮਤਾਂ ਅਤੇ ਦੁੱਧ ਦੇ ਖਰੀਦ ਭਾਅ ਵਿਚਲੇ ਪਾੜੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਰਾਹਤ ਪੈਕੇਜ ਜਾਂ ਸਬਸਿਡੀ ਯੋਜਨਾ ਲਾਗੂ ਕੀਤੀ ਜਾਵੇ, ਤਾਂ ਜੋ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਦਾ ਇਹ ਰੁਜ਼ਗਾਰਮੁਖੀ ਕਿੱਤਾ ਆਰਥਿਕ ਸੰਕਟ ਤੋਂ ਬਚ ਸਕੇ।

