ਪੰਜਾਬ ਕੋਟਕਪੂਰਾ ’ਚ ਅਚਾਨਕ ਡਿੱਗੀ ਮਕਾਨ ਦੀ ਛੱਤ/ ਪਰਿਵਾਰ ਦਾ ਬਚਾਅ, ਮਲਬੇ ਹੇਠਾਂ ਦੱਬਿਆ ਸਾਮਾਨ/ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਮੰਗੀ By admin - November 25, 2026 0 2 Facebook Twitter Pinterest WhatsApp ਕੋਟਕਪੂਰਾ: ਸ਼ਹਿਰ ਦੇ ਸੁਰਗਾਪੁਰੀ ਇਲਾਕੇ ਦੇ ਵਾਰਡ ਨੰਬਰ 25 ਵਿੱਚ ਅੱਜ ਸਵੇਰੇ ਇੱਕ ਮਕਾਨ ਦੀ ਛੱਤ ਅਚਾਨਕ ਡਿੱਗਣ ਕਾਰਨ ਘਰ ਦਾ ਸਾਰਾ ਸਾਮਾਨ ਮਲਬੇ ਹੇਠਾਂ ਦੱਬ ਗਿਆ। ਹਾਦਸੇ ਦੌਰਾਨ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ, ਜਦਕਿ ਘਰ ਅੰਦਰ ਪਿਆ ਬੈੱਡ ਅਤੇ ਹੋਰ ਘਰੇਲੂ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਾਣਕਾਰੀ ਮੁਤਾਬਕ ਵਾਰਡ ਨੰਬਰ 25 ਦੀ ਰਵਿਦਾਸ ਮੰਦਰ ਵਾਲੀ ਗਲੀ ਵਿੱਚ ਵਿਧਵਾ ਨਿਰਮਲਾ ਦੇਵੀ ਆਪਣੇ ਬੱਚਿਆਂ ਸਮੇਤ ਇਸ ਮਕਾਨ ਵਿੱਚ ਰਹਿੰਦੀ ਹੈ। ਪਰਿਵਾਰ ਅਨੁਸਾਰ ਮਕਾਨ ਦੇ ਇੱਕ ਕਮਰੇ ਦੀ ਹਾਲਤ ਪਹਿਲਾਂ ਹੀ ਕਾਫੀ ਖਸਤਾ ਸੀ। ਪਰਿਵਾਰ ਵੱਲੋਂ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਕੋਲ ਮਕਾਨ ਦੀ ਮੁਰੰਮਤ ਲਈ ਆਰਥਿਕ ਮਦਦ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਲਣ ਵਾਲੀ ਰਾਸ਼ੀ ਲਈ ਵੀ ਪਰਿਵਾਰ ਵੱਲੋਂ ਕਈ ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਏ ਗਏ, ਪਰ ਮਕਾਨ ਦੀ ਰਜਿਸਟਰੀ ਉਨ੍ਹਾਂ ਦੇ ਸਵਰਗੀ ਬਜ਼ੁਰਗ ਦੇ ਨਾਮ ਹੋਣ ਕਾਰਨ ਮਦਦ ਨਹੀਂ ਮਿਲ ਸਕੀ। ਪਰਿਵਾਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਘਰ ਦੇ ਮੈਂਬਰ ਕਮਰੇ ਤੋਂ ਬਾਹਰ ਸਨ ਤਾਂ ਅਚਾਨਕ ਛੱਤ ਵਿੱਚੋਂ ਖੜਕਣ ਦੀ ਆਵਾਜ਼ ਆਈ। ਉਸ ਸਮੇਂ ਕਮਰੇ ਵਿੱਚ ਇੱਕ ਬੱਚਾ ਸੁੱਤਾ ਹੋਇਆ ਸੀ, ਜਿਸ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ। ਪਰਿਵਾਰਕ ਮੈਂਬਰ ਘਰ ਦਾ ਸਾਮਾਨ ਬਾਹਰ ਕੱਢਣ ਦੀ ਤਿਆਰੀ ਕਰ ਹੀ ਰਹੇ ਸਨ ਕਿ ਅਚਾਨਕ ਕਮਰੇ ਦੀ ਪੂਰੀ ਛੱਤ ਹੇਠਾਂ ਆ ਡਿੱਗੀ। ਛੱਤ ਡਿੱਗਣ ਕਾਰਨ ਕਮਰੇ ਵਿੱਚ ਪਿਆ ਬੈੱਡ ਅਤੇ ਹੋਰ ਘਰੇਲੂ ਸਾਮਾਨ ਮਲਬੇ ਹੇਠਾਂ ਆ ਗਿਆ ਅਤੇ ਕਾਫੀ ਨੁਕਸਾਨਿਆ ਗਿਆ। ਗਨੀਮਤ ਰਹੀ ਕਿ ਘਟਨਾ ਸਮੇਂ ਕੋਈ ਵੀ ਵਿਅਕਤੀ ਕਮਰੇ ਦੇ ਅੰਦਰ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਲਾਈ ਗੁਹਾਰ/ ਪੀੜਤ ਨਿਰਮਲਾ ਦੇਵੀ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਤੁਰੰਤ ਮਦਦ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਆਮਦਨ ਬਹੁਤ ਘੱਟ ਹੈ ਅਤੇ ਮਕਾਨ ਦੀ ਛੱਤ ਡਿੱਗਣ ਤੋਂ ਬਾਅਦ ਉਨ੍ਹਾਂ ਲਈ ਪਰਿਵਾਰ ਦੇ ਰਹਿਣ ਵਾਸਤੇ ਦੁਬਾਰਾ ਘੱਟੋ-ਘੱਟ ਇੱਕ ਕਮਰਾ ਬਣਾਉਣਾ ਵੀ ਮੁਸ਼ਕਲ ਹੈ। ਇਸ ਮੌਕੇ ਇਲਾਕੇ ਦੇ ਸਾਬਕਾ ਕੌਂਸਲਰ ਸਤੀਸ਼ ਕੁਮਾਰ ਮਹੇਸ਼ੀ ਨੇ ਕਿਹਾ ਕਿ ਇਹ ਪਰਿਵਾਰ ਬੇਹੱਦ ਲੋੜਵੰਦ ਹੈ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਬਿਨਾਂ ਕਿਸੇ ਦੇਰੀ ਦੇ ਆਰਥਿਕ ਸਹਾਇਤਾ ਦਿੱਤੀ ਜਾਵੇ, ਤਾਂ ਜੋ ਪਰਿਵਾਰ ਨੂੰ ਰਹਿਣ ਲਈ ਸੁਰੱਖਿਅਤ ਛੱਤ ਮੁਹੱਈਆ ਹੋ ਸਕੇ।