ਪੰਜਾਬ ਸੁਨੀਲ ਜਾਖੜ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਘੇਰੀ ਸਰਕਾਰ/ ਸ਼ਾਮਲਾਟ ਜ਼ਮੀਨ ਮਾਈਨਿੰਗ ਮਾਫੀਏ ਦੇ ਨਾਮ ਕਰਨ ਦਾ ਦਾਅਵਾ/ ਦਸਤਾਵੇਜ਼ ਤੇ ਸੈਟੇਲਾਈਟ ਤਸਵੀਰਾਂ ਪੇਸ਼ ਕਰਦਿਆਂ ਚੁੱਕੇ ਸਵਾਲ By admin - November 25, 2026 0 3 Facebook Twitter Pinterest WhatsApp ਚੰਡੀਗੜ੍ਹ: ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਸ਼ਾਮਲਾਤ ਜ਼ਮੀਨ ਦੀ ਮਾਈਨਿੰਗ ਲਈ ਵਰਤੋਂ ਅਤੇ ਸਰਹੱਦੀ ਇਲਾਕਿਆਂ ਵਿੱਚ ਖਣਨ ਗਤੀਵਿਧੀਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਗੰਭੀਰ ਸਵਾਲ ਚੁੱਕੇ ਹਨ। ਜਾਖੜ ਨੇ ਕਰੀਬ 150 ਏਕੜ ਸ਼ਾਮਲਾਤ ਜ਼ਮੀਨ ਵੱਖ-ਵੱਖ ਲੋਕਾਂ ਨੂੰ ਮਾਈਨਿੰਗ ਲਈ ਦੇਣ ਦਾ ਦੋਸ਼ ਲਾਉਂਦਿਆਂ ਮਾਈਨਿੰਗ ਮੰਤਰੀ ਬਰਿੰਦਰ ਕੁਮਾਰ ਗੋਇਲ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਜਾਖੜ ਨੇ ਕਿਹਾ ਕਿ ਮਾਮਲੇ ਨਾਲ ਤਿੰਨ ਵਿਭਾਗ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਨਿਯਮਾਂ ਮੁਤਾਬਕ ਸ਼ਾਮਲਾਤ ਜ਼ਮੀਨ ਨੂੰ ਲੀਜ਼ ’ਤੇ ਦੇਣ ਲਈ ਨਿਰਧਾਰਤ ਪ੍ਰਕਿਰਿਆ ਲਾਜ਼ਮੀ ਹੈ ਤਾਂ ਇਸ ਦੀ ਪਾਲਣਾ ਕੀਤੇ ਬਿਨਾਂ ਮਾਈਨਿੰਗ ਲਈ ਜ਼ਮੀਨ ਕਿਵੇਂ ਦਿੱਤੀ ਗਈ। ਉਨ੍ਹਾਂ ਸਰਕਾਰ ਤੋਂ ਇਸ ਸਬੰਧੀ ਸਪੱਸ਼ਟ ਜਵਾਬ ਮੰਗਿਆ ਹੈ। ਸਿਓਂਟੀ ਪਿੰਡ ਦੇ ਦਸਤਾਵੇਜ਼ ਦਿਖਾ ਕੇ ਲਾਏ ਦੋਸ਼ : ਜਾਖੜ ਨੇ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਇਲਾਕੇ ਦੇ ਪਿੰਡ ਸਿਓਂਟੀ ਦੀ ਉਦਾਹਰਨ ਦਿੰਦਿਆਂ ਰਮਨ ਕੁਮਾਰ ਸ਼ਰਮਾ ਦੇ ਨਾਂ ’ਤੇ ਜਾਰੀ ਲੈਟਰ ਆਫ਼ ਇੰਟੈਂਟ (ਐੱਲਓਆਈ) ਨਾਲ ਸਬੰਧਤ ਦਸਤਾਵੇਜ਼ ਪੇਸ਼ ਕੀਤੇ। ਉਨ੍ਹਾਂ ਦਾ ਦਾਅਵਾ ਸੀ ਕਿ ਜਿਸ ਜ਼ਮੀਨ ’ਤੇ ਮਾਈਨਿੰਗ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ਅਪਣਾਈ ਗਈ, ਉਹ ਸ਼ਾਮਲਾਤ ਜ਼ਮੀਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਰੀਬ 150 ਏਕੜ ਜ਼ਮੀਨ ਵੱਖ-ਵੱਖ ਲੋਕਾਂ ਨੂੰ ਚਾਰ ਅਤੇ ਛੇ ਏਕੜ ਦੇ ਹਿੱਸਿਆਂ ਵਿੱਚ ਮਾਈਨਿੰਗ ਲਈ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਸਬੰਧਤ ਖੇਵਟ ਨੰਬਰਾਂ ਦਾ ਵੀ ਹਵਾਲਾ ਦਿੰਦਿਆਂ ਸਰਕਾਰ ਅਤੇ ਸਬੰਧਤ ਵਿਭਾਗਾਂ ਤੋਂ ਇਸ ਪੂਰੀ ਪ੍ਰਕਿਰਿਆ ਦੀ ਜਾਂਚ ਦੀ ਮੰਗ ਕੀਤੀ। ਨਿਲਾਮੀ ਦੀ ਪ੍ਰਕਿਰਿਆ ’ਤੇ ਚੁੱਕੇ ਸਵਾਲ: ਜਾਖੜ ਨੇ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਰੂਲਜ਼, 1964 ਦੇ ਨਿਯਮ 6 ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ਾਮਲਾਤ ਜ਼ਮੀਨ ਨੂੰ ਲੀਜ਼ ’ਤੇ ਦੇਣ ਲਈ ਨਿਲਾਮੀ ਦੀ ਪ੍ਰਕਿਰਿਆ ਜ਼ਰੂਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਨਾ ਤਾਂ ਆਮ ਇਜਲਾਸ ਕਰਵਾ ਕੇ ਮਤਾ ਪਾਸ ਕੀਤਾ ਗਿਆ ਅਤੇ ਨਾ ਹੀ ਨਿਯਮਾਂ ਮੁਤਾਬਕ ਨਿਲਾਮੀ ਕਰਵਾਈ ਗਈ। ਉਨ੍ਹਾਂ ਦਸੰਬਰ 2025 ਵਿੱਚ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ’ਤੇ ਵੀ ਸਵਾਲ ਖੜ੍ਹੇ ਕੀਤੇ। ਜਾਖੜ ਨੇ ਕਿਹਾ ਕਿ ਪੰਚਾਇਤ ਦਾ ਮਤਾ ਅਤੇ ਡਿਪਟੀ ਕਮਿਸ਼ਨਰ ਦੀ ਸਹਿਮਤੀ ਨਿਲਾਮੀ ਦੀ ਪ੍ਰਕਿਰਿਆ ਦਾ ਬਦਲ ਨਹੀਂ ਹੋ ਸਕਦੇ। ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਜੇਕਰ ਨਿਯਮਾਂ ਅਨੁਸਾਰ ਨਿਲਾਮੀ ਲਾਜ਼ਮੀ ਸੀ ਤਾਂ ਇਸ ਤੋਂ ਬਿਨਾਂ ਮਾਈਨਿੰਗ ਦੀ ਮਨਜ਼ੂਰੀ ਦੇਣ ਦਾ ਆਧਾਰ ਕੀ ਸੀ। ਸਰਹੱਦੀ ਇਲਾਕਿਆਂ ’ਚ ਮਾਈਨਿੰਗ ਨੂੰ ਦੱਸਿਆ ਕੌਮੀ ਸੁਰੱਖਿਆ ਦਾ ਮਾਮਲਾ: ਜਾਖੜ ਨੇ ਰਾਵੀ ਦਰਿਆ ਦੇ ਆਲੇ-ਦੁਆਲੇ ਤਰਨਤਾਰਨ ਅਤੇ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਹੋ ਰਹੀ ਮਾਈਨਿੰਗ ਨੂੰ ਸਿਰਫ਼ ਵਾਤਾਵਰਣ ਜਾਂ ਮਾਲੀਆ ਨਾਲ ਜੁੜਿਆ ਮਾਮਲਾ ਨਾ ਦੱਸਦਿਆਂ ਕੌਮੀ ਸੁਰੱਖਿਆ ਨਾਲ ਵੀ ਜੋੜਿਆ। ਉਨ੍ਹਾਂ ਅਦਾਲਤ ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਹੱਦ ਨਾਲ ਲੱਗਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਸ਼ਾ ਤਸਕਰਾਂ, ਅੱਤਵਾਦੀਆਂ ਅਤੇ ਆਈਐੱਸਆਈ ਦੀ ਹਮਾਇਤ ਪ੍ਰਾਪਤ ਤੱਤਾਂ ਲਈ ਮਦਦਗਾਰ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਗਤੀਵਿਧੀ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸੁਰੱਖਿਆ ਪੱਖ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਜਾਖੜ ਨੇ ਸਰਕਾਰ ਤੋਂ ਇਹ ਵੀ ਸਪੱਸ਼ਟ ਕਰਨ ਦੀ ਮੰਗ ਕੀਤੀ ਕਿ ਸਰਹੱਦੀ ਇਲਾਕਿਆਂ ਵਿੱਚ ਮਾਈਨਿੰਗ ਲਈ ਕਿਹੜੀਆਂ ਸੁਰੱਖਿਆ ਮਨਜ਼ੂਰੀਆਂ ਅਤੇ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। ਜੰਗਲੀ ਖੇਤਰਾਂ ’ਚ ਮਾਈਨਿੰਗ ਨੂੰ ਲੈ ਕੇ ਵੀ ਸਵਾਲ: ਸਾਬਕਾ ਸੂਬਾ ਪ੍ਰਧਾਨ ਨੇ ਕੌਮੀ ਪਾਰਕਾਂ ਅਤੇ ਜੰਗਲੀ ਜੀਵਾਂ ਦੇ ਸੁਰੱਖਿਅਤ ਖੇਤਰਾਂ ਦੇ ਆਲੇ-ਦੁਆਲੇ ਖਣਨ ਸਬੰਧੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਤੇ ਈਕੋ-ਸੈਂਸੇਟਿਵ ਜ਼ੋਨ ਦੇ ਨਿਯਮਾਂ ਦੀ ਪਾਲਣਾ ਨਾ ਹੋਣ ਦਾ ਵੀ ਦੋਸ਼ ਲਾਇਆ। ਕਰੀਬ 90 ਏਕੜ ਜੰਗਲੀ ਖੇਤਰ ਨਾਲ ਜੁੜੇ ਮਾਮਲੇ ਦਾ ਹਵਾਲਾ ਦਿੰਦਿਆਂ ਜਾਖੜ ਨੇ ਸਵਾਲ ਕੀਤਾ ਕਿ ਸੁਰੱਖਿਅਤ ਖੇਤਰਾਂ ਦੇ ਨੇੜੇ ਜਾਂ ਉਨ੍ਹਾਂ ਨਾਲ ਸਬੰਧਤ ਜ਼ਮੀਨਾਂ ’ਤੇ ਮਾਈਨਿੰਗ ਦੀ ਮਨਜ਼ੂਰੀ ਕਿਹੜੇ ਨਿਯਮਾਂ ਤਹਿਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਸਾਰੇ ਦਸਤਾਵੇਜ਼ ਜਨਤਕ ਕਰਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਜਾਖੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਪੂਰੇ ਮਾਮਲੇ ਨਾਲ ਸਬੰਧਤ ਦਸਤਾਵੇਜ਼ੀ ਸਬੂਤ ਮੌਜੂਦ ਹਨ ਅਤੇ ਉਨ੍ਹਾਂ ਵੱਲੋਂ ਸਾਹਮਣੇ ਲਿਆਂਦਾ ਗਿਆ ਮਾਮਲਾ ਕਥਿਤ ਤੌਰ ’ਤੇ ਪੂਰੇ ਮਾਮਲੇ ਦਾ ਸਿਰਫ਼ ਇੱਕ ਛੋਟਾ ਹਿੱਸਾ ਹੈ। ਉਨ੍ਹਾਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਇਨ੍ਹਾਂ ਦੋਸ਼ਾਂ ’ਤੇ ਸਪੱਸ਼ਟੀਕਰਨ ਦੇਵੇ ਅਤੇ ਜੇਕਰ ਕੋਈ ਗੜਬੜ ਨਹੀਂ ਹੋਈ ਤਾਂ ਸਬੰਧਤ ਦਸਤਾਵੇਜ਼ ਜਨਤਕ ਕੀਤੇ ਜਾਣ। ਜਾਖੜ ਨੇ ਮੰਗ ਕੀਤੀ ਕਿ ਸ਼ਾਮਲਾਤ ਜ਼ਮੀਨ, ਸਰਹੱਦੀ ਇਲਾਕਿਆਂ ਅਤੇ ਜੰਗਲੀ ਖੇਤਰਾਂ ਵਿੱਚ ਮਾਈਨਿੰਗ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ।