ਪੰਜਾਬ ਗੁਰਦਾਸਪੁਰ: ਬਜ਼ੁਰਗ ਨੇ ਪੁੱਤਰ, ਨੂੰਹ ਤੇ ਪੋਤਰਿਆਂ ’ਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਲਗਾਏ ਦੋਸ਼/ ਨੂੰਹ ਨੇ ਵੀ ਲਾਏ ਜਵਾਬੀ ਇਲਜ਼ਾਮ By admin - November 24, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਵਿੱਚ ਪਰਿਵਾਰਕ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬਜ਼ੁਰਗ ਨੇ ਆਪਣੇ ਪੁੱਤਰ, ਨੂੰਹ ਅਤੇ ਪੋਤਰਿਆਂ ’ਤੇ ਕੁੱਟਮਾਰ ਕਰਕੇ ਉਸ ਨੂੰ ਆਪਣੇ ਹੀ ਮਲਕੀਅਤ ਵਾਲੇ ਘਰ ਵਿੱਚੋਂ ਬਾਹਰ ਕੱਢਣ ਦੇ ਦੋਸ਼ ਲਗਾਏ ਹਨ। ਬਜ਼ੁਰਗ ਨੇ ਇਸ ਸਬੰਧੀ ਥਾਣਾ ਦੋਰਾਂਗਲਾ ਵਿਖੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਦੂਜੇ ਪਾਸੇ ਬਜ਼ੁਰਗ ਦੀ ਨੂੰਹ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਆਪਣੇ ਸੋਹਰੇ ਅਤੇ ਨਨਾਣਾਂ ’ਤੇ ਹੀ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਜਾਣਕਾਰੀ ਦਿੰਦਿਆਂ ਬਜ਼ੁਰਗ ਦਰਸ਼ਨ ਮਸੀਹ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਨੂੰ ਇੱਕ ਸਾਲ ਹੋ ਚੁੱਕਾ ਹੈ ਅਤੇ ਉਸ ਦਾ ਸਮਾਗਮ ਕਰਵਾਉਣ ਸਬੰਧੀ ਸਲਾਹ-ਮਸ਼ਵਰਾ ਕਰਨ ਲਈ ਉਸ ਨੇ ਆਪਣੀਆਂ ਦੋਵੇਂ ਧੀਆਂ ਨੂੰ ਘਰ ਬੁਲਾਇਆ ਸੀ। ਪਰ ਉਸ ਦੀ ਨੂੰਹ ਨਹੀਂ ਚਾਹੁੰਦੀ ਸੀ ਕਿ ਉਸ ਦੀਆਂ ਧੀਆਂ ਘਰ ਆਉਣ। ਇਸ ਗੱਲ ਨੂੰ ਲੈ ਕੇ ਘਰ ਵਿੱਚ ਵਿਵਾਦ ਸ਼ੁਰੂ ਹੋ ਗਿਆ। ਬਜ਼ੁਰਗ ਅਨੁਸਾਰ ਇਸ ਤੋਂ ਬਾਅਦ ਉਸ ਦੇ ਪੁੱਤਰ, ਨੂੰਹ ਅਤੇ ਪੋਤਰਿਆਂ ਨੇ ਉਸ ਦੀਆਂ ਧੀਆਂ ਸਮੇਤ ਉਸ ਨਾਲ ਕੁੱਟਮਾਰ ਕੀਤੀ। ਦਰਸ਼ਨ ਮਸੀਹ ਨੇ ਦੋਸ਼ ਲਗਾਇਆ ਕਿ ਉਸ ਦੇ ਪੋਤਰਿਆਂ ਵੱਲੋਂ ਬਾਹਰੋਂ ਵੀ ਕੁਝ ਵਿਅਕਤੀਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਉਸ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਆਪਣੇ ਹੀ ਘਰ ਤੋਂ ਬੇਘਰ ਹੋ ਕੇ ਆਪਣੀਆਂ ਧੀਆਂ ਦੇ ਘਰ ਰਹਿਣਾ ਪੈ ਰਿਹਾ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉੱਧਰ, ਬਜ਼ੁਰਗ ਦੀ ਨੂੰਹ ਸੁਨੀਤਾ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਦਿਆਂ ਸਹੁਰੇ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਸ ਨੇ ਉਲਟਾ ਦੋਸ਼ ਲਗਾਇਆ ਕਿ ਉਸ ਦੇ ਸਹੁਰੇ ਅਤੇ ਨਨਾਣਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ। ਸੁਨੀਤਾ ਅਨੁਸਾਰ ਕੁੱਟਮਾਰ ਤੋਂ ਬਾਅਦ ਦਰਸ਼ਨ ਮਸੀਹ ਖੁਦ ਆਪਣਾ ਸਾਮਾਨ ਗੱਡੀ ਵਿੱਚ ਭਰ ਕੇ ਆਪਣੀਆਂ ਧੀਆਂ ਕੋਲ ਚਲਾ ਗਿਆ ਸੀ। ਫਿਲਹਾਲ ਇਸ ਮਾਮਲੇ ਵਿੱਚ ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ ’ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਪੁਲਿਸ ਦੀ ਜਾਂਚ ਅਤੇ ਕਾਰਵਾਈ ਤੋਂ ਬਾਅਦ ਹੀ ਮਾਮਲੇ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।