ਪੰਜਾਬ KBC ਦੇ ਸਵਾਲ ’ਤੇ ਪੰਜਾਬ ’ਚ ਵਿਵਾਦ/ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ/ ਪੰਜਾਬ ਨੂੰ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ’ਤੇ ਇਤਰਾਜ਼ By admin - November 23, 2026 0 2 Facebook Twitter Pinterest WhatsApp ਕੌਣ ਬਣੇਗਾ ਕਰੋੜਪਤੀ (KBC) ਦੇ ਇੱਕ ਸਵਾਲ ਨੂੰ ਲੈ ਕੇ ਪੰਜਾਬ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ੋਅ ਦੌਰਾਨ ਪੰਜਾਬ ਨੂੰ ਅਪਰਾਧਿਕ ਗਤੀਵਿਧੀਆਂ ਅਤੇ ਪੁਲਿਸ ਥਾਣਿਆਂ ਵਿੱਚ ਬੰਬ ਧਮਾਕਿਆਂ ਨਾਲ ਜੋੜਨ ਵਾਲੇ ਸਵਾਲ ’ਤੇ ਇਤਰਾਜ਼ ਜਤਾਇਆ ਗਿਆ ਹੈ। ਇਸ ਮਾਮਲੇ ਵਿੱਚ ਸੰਗਰੂਰ ਦੇ ਐਡਵੋਕੇਟ ਇੰਦਰਜੀਤ ਅਰੋੜਾ ਨੇ ਰਣਜੀਤ ਸਿੰਘ ਵੱਲੋਂ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਅਤੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਦਰਅਸਲ, KBC ਦੇ ਇੱਕ ਐਪੀਸੋਡ ਦੌਰਾਨ 12 ਲੱਖ 50 ਹਜ਼ਾਰ ਰੁਪਏ ਲਈ ਪੁੱਛੇ ਗਏ ਸਵਾਲ ਵਿੱਚ ਇਹ ਪੁੱਛਿਆ ਗਿਆ ਸੀ ਕਿ ਹਾਲ ਹੀ ਵਿੱਚ ਕਿਹੜੇ ਸੂਬੇ ਵਿੱਚ ਅਪਰਾਧੀ ਪੁਲਿਸ ਥਾਣਿਆਂ ਵਿੱਚ ਬੰਬ ਧਮਾਕੇ ਕਰਨ ਤੋਂ ਡਰ ਨਹੀਂ ਰਹੇ? ਇਸ ਸਵਾਲ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ ਕਿ ਇਸ ਨਾਲ ਪੰਜਾਬ ਦੀ ਛਵੀ ਨੂੰ ਠੇਸ ਪਹੁੰਚੀ ਹੈ ਅਤੇ ਸੂਬੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਕਾਨੂੰਨੀ ਨੋਟਿਸ ਰਾਹੀਂ ਮੰਗ ਕੀਤੀ ਗਈ ਹੈ ਕਿ ਇਤਰਾਜ਼ਯੋਗ ਸਵਾਲ ਅਤੇ ਇਸ ਦੀ ਵੀਡੀਓ ਕਲਿੱਪ ਨੂੰ ਹਟਾਇਆ ਜਾਵੇ, ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਜਾਵੇ ਅਤੇ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਦਿੱਤਾ ਜਾਵੇ। ਨੋਟਿਸ ਵਿੱਚ 15 ਦਿਨਾਂ ਦੇ ਅੰਦਰ ਲਿਖਤੀ ਜਵਾਬ ਦੇਣ ਦਾ ਅਲਟੀਮੇਟਮ ਦਿੱਤਾ ਗਿਆ ਹੈ। ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਰਧਾਰਤ ਸਮੇਂ ਵਿੱਚ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।