ਪੰਜਾਬ ਮਹਿੰਗੀ ਸਾਈਕਲਿੰਗ ਖੇਡ ’ਚ ਸੀਮਤ ਸਾਧਨਾਂ ਦੇ ਬਾਵਜੂਦ ਸੂਰਿਆ ਠਾਕੁਰ ਨੇ ਮਾਰੀ ਬਾਜ਼ੀ/ ਪੰਜਾਬ ਪੱਧਰ ’ਤੇ ਜਿੱਤਿਆ ਬ੍ਰੌਂਜ਼ ਮੈਡਲ By admin - November 22, 2026 0 3 Facebook Twitter Pinterest WhatsApp ਹੁਸ਼ਿਆਰਪੁਰ : ਹੁਨਰ ਅਤੇ ਮਿਹਨਤ ਅੱਗੇ ਸਾਧਨਾਂ ਦੀ ਘਾਟ ਵੀ ਰੁਕਾਵਟ ਨਹੀਂ ਬਣ ਸਕਦੀ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਹੁਸ਼ਿਆਰਪੁਰ ਦੇ ਦਸੂਹਾ ਨੇੜਲੇ ਪਿੰਡ ਘਗਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਸੂਰਿਆ ਠਾਕੁਰ ਨੇ। ਸੂਰਿਆ ਨੇ ਪਟਿਆਲਾ ਵਿਖੇ ਕਰਵਾਏ ਗਏ 70ਵੇਂ ਇੰਟਰ-ਡਿਸਟ੍ਰਿਕਟ ਪੰਜਾਬ ਸਟੇਟ ਸਾਈਕਲਿੰਗ ਮੁਕਾਬਲੇ ਵਿੱਚ ਬ੍ਰੌਂਜ਼ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ ਅੰਡਰ-19 ਵਰਗ ਵਿੱਚ ਪੂਰੇ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਖਾਸ ਗੱਲ ਇਹ ਹੈ ਕਿ ਸਾਈਕਲਿੰਗ ਵਰਗੀ ਮਹਿੰਗੀ ਖੇਡ ਵਿੱਚ ਸੀਮਤ ਸਾਧਨਾਂ ਦੇ ਬਾਵਜੂਦ ਸੂਰਿਆ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਪ੍ਰਾਪਤੀ ਹਾਸਲ ਕੀਤੀ। ਸਕੂਲ ਪਹੁੰਚਣ ’ਤੇ ਸਕੂਲ ਸਟਾਫ਼ ਅਤੇ ਇਲਾਕਾ ਵਾਸੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਰਿਆ ਦੇ ਕੋਚ ਅਜੈ ਸਲਾਰੀਆ ਨੇ ਦੱਸਿਆ ਕਿ ਇਹ ਮੁਕਾਬਲੇ 11 ਤੋਂ 13 ਨਵੰਬਰ ਤੱਕ ਪਟਿਆਲਾ ਵਿਖੇ ਕਰਵਾਏ ਗਏ ਸਨ, ਜਿਸ ਵਿੱਚ ਪੰਜਾਬ ਭਰ ਦੇ ਖਿਡਾਰੀਆਂ ਨੇ ਭਾਗ ਲਿਆ। ਸੂਰਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-19 ਵਰਗ ਵਿੱਚ ਤੀਜਾ ਸਥਾਨ ਹਾਸਲ ਕੀਤਾ। ਉੱਥੇ ਹੀ ਸੂਰਿਆ ਠਾਕੁਰ ਨੇ ਦੱਸਿਆ ਕਿ ਸਾਈਕਲਿੰਗ ਇੱਕ ਮਹਿੰਗੀ ਖੇਡ ਹੈ, ਜਿਸ ਵਿੱਚ ਖਿਡਾਰੀ ਦੀ ਮਿਹਨਤ ਦੇ ਨਾਲ-ਨਾਲ ਸਾਈਕਲ ਦੀ ਗੁਣਵੱਤਾ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਉਸ ਨੇ ਦੱਸਿਆ ਕਿ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਦੀ ਸਾਈਕਲ ਦੀ ਕੀਮਤ ਕਰੀਬ 15 ਲੱਖ ਰੁਪਏ ਸੀ, ਜਦਕਿ ਉਸ ਦੀ ਆਪਣੀ ਸਾਈਕਲ ਵੀ ਲਗਭਗ 3 ਲੱਖ ਰੁਪਏ ਦੀ ਹੈ। ਅਜਿਹੇ ਮਹਿੰਗੇ ਸਾਧਨਾਂ ਦੀ ਲੋੜ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ ਆਪਣੀ ਮਿਹਨਤ ਸਦਕਾ ਪੰਜਾਬ ਪੱਧਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਵੀ ਸੂਰਿਆ ਦੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਉਸ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਸੂਰਿਆ ਦਾ ਅਗਲਾ ਟੀਚਾ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਮੈਡਲ ਜਿੱਤਣਾ ਹੈ। ਉਸ ਨੇ ਕਿਹਾ ਕਿ ਉਹ ਆਪਣੀ ਤਿਆਰੀ ਜਾਰੀ ਰੱਖੇਗਾ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪਣੇ ਸਕੂਲ, ਪਿੰਡ ਅਤੇ ਪੰਜਾਬ ਦਾ ਨਾਮ ਹੋਰ ਰੌਸ਼ਨ ਕਰ ਸਕੇ।