ਪੰਜਾਬ ਹੁਸ਼ਿਆਰਪੁਰ ਦੇ ਪਿੰਡ ਮਿਆਣੀ ‘ਚ ਛੱਪੜ ਦੀ ਸਫਾਈ ਦਾ ਮੁੱਦਾ/ ਸਫਾਈ ਦੇ ਨਾਂ ‘ਤੇ ਵੱਡੀ ਘਪਲੇਬਾਜ਼ੀ ਦੇ ਲੱਗੇ ਇਲਜ਼ਾਮ/ 16 ਲੱਖ ਅਦਾਇਗੀ ਦੇ ਬਾਵਜੂਦ ਨਹੀਂ ਹੋਈ ਸਫ਼ਾਈ By admin - November 19, 2026 0 2 Facebook Twitter Pinterest WhatsApp ਹੁਸ਼ਿਆਰਪੁਰ ਦੇ ਟਾਂਡਾ ਅਧੀਨ ਪੈਂਦੇ ਪਿੰਡ ਮਿਆਣੀ ਵਿੱਚ ਛੱਪੜ ਦੀ ਸਫ਼ਾਈ ਦੇ ਨਾਂ ‘ਤੇ ਕਥਿਤ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਛੱਪੜ ਦੀ ਸਫ਼ਾਈ ਲਈ ਕਰੀਬ 40 ਲੱਖ ਰੁਪਏ ਦੇ ਬਿੱਲ ਤਿਆਰ ਕੀਤੇ ਗਏ ਹਨ, ਜਦਕਿ ਸਫ਼ਾਈ ਦਾ ਕੰਮ ਅਜੇ ਵੀ ਅਧੂਰਾ ਪਿਆ ਹੈ। ਗਿਲਜੀਆਂ ਮੁਤਾਬਕ ਇਸ ਕੰਮ ਲਈ 16 ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਪੰਚਾਇਤ ਦਾ ਚਾਰਜ ਸਰਪੰਚ ਨੂੰ ਮਿਲਣ ਤੋਂ ਬਾਅਦ ਬਾਕੀ ਰਕਮ ਦੀ ਅਦਾਇਗੀ ਲਈ ਸਰਪੰਚ ‘ਤੇ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਚਾਇਤ ਦੇ ਰਿਕਾਰਡ ਨਾਲ ਛੇੜਛਾੜ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਹਨ। ਸਾਬਕਾ ਮੰਤਰੀ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਕਥਿਤ ਗੜਬੜੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਾਬਕਾ ਮੰਤਰੀ ਗਿਲਜੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਛੱਪੜ ਦੇ ਤਿੰਨ ਹਿੱਸਿਆਂ ਦੀ ਸਫ਼ਾਈ ਲਈ ਪੰਚਾਇਤ ਦੇ ਪ੍ਰਸ਼ਾਸਕ ਅਤੇ ਸਕੱਤਰ ਵੱਲੋਂ ਇੱਕ ਨਿੱਜੀ ਵੈਂਡਰ ਰਾਹੀਂ ਕੰਮ ਕਰਵਾਇਆ ਗਿਆ, ਜਿਸ ਦੇ ਕਰੀਬ 40 ਲੱਖ ਰੁਪਏ ਦੇ ਬਿੱਲ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਛੱਪੜ ਦੀ ਸਫ਼ਾਈ ਦਾ ਕੰਮ ਅਧੂਰਾ ਦਿਖਾਈ ਦਿੱਤਾ ਅਤੇ ਕੀਤੇ ਗਏ ਕੰਮ ਦੇ ਮੁਕਾਬਲੇ ਬਹੁਤ ਜ਼ਿਆਦਾ ਰਕਮ ਦੇ ਬਿੱਲਾਂ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਵੱਲੋਂ ਇਸ ਸਬੰਧੀ ਜਾਂਚ-ਪੜਤਾਲ ਕੀਤੀ ਗਈ। ਇਸ ਤੋਂ ਬਾਅਦ ਮਾਮਲੇ ਵਿੱਚ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਗੜਬੜੀ ਹੋਣ ਦੇ ਤੱਥ ਸਾਹਮਣੇ ਆਏ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਕ ਵੱਲੋਂ 16 ਲੱਖ ਰੁਪਏ ਦੀ ਅਦਾਇਗੀ ਕੀਤੇ ਜਾਣ ਤੋਂ ਬਾਅਦ ਹੁਣ ਜਦੋਂ ਪੰਚਾਇਤ ਦਾ ਚਾਰਜ ਸਰਪੰਚ ਨੂੰ ਮਿਲਿਆ ਹੈ ਤਾਂ ਸਰਪੰਚ ਗੁਰਪ੍ਰੀਤ ਸਿੰਘ ’ਤੇ ਬਾਕੀ ਰਹਿੰਦੀ ਅਦਾਇਗੀ ਕਰਨ ਲਈ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਵੱਡੀ ਆਬਾਦੀ ਵਾਲੇ ਪਿੰਡ ਮਿਆਣੀ ਨੂੰ ਇਸ ਸਰਕਾਰ ਦੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ‘ਰੰਗਲਾ ਪੰਜਾਬ’ ਯੋਜਨਾ ਤਹਿਤ ਸਿਰਫ਼ 11 ਲੱਖ 50 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ, ਜਦਕਿ ਛੱਪੜ ਦੀ ਸਫ਼ਾਈ ਦੇ ਨਾਂ ’ਤੇ ਫਾਇਨਾਂਸ ਕਮਿਸ਼ਨ ਦੇ ਫੰਡਾਂ ਦੀ ਕਥਿਤ ਤੌਰ ’ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਸ ਪੂਰੇ ਮਾਮਲੇ ਦੌਰਾਨ ਪੰਚਾਇਤ ਦੇ ਰਿਕਾਰਡ ਨਾਲ ਛੇੜਛਾੜ ਕੀਤੇ ਜਾਣ ਦੀ ਜਾਣਕਾਰੀ ਵੀ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ।