
ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੀ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਨੂੰ ਲੈ ਕੇ ਕਾਂਗਰਸ ਪਾਰਟੀ ’ਤੇ ਤਿੱਖਾ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਦੀ ਇਹ ਯਾਤਰਾ ਕਾਂਗਰਸ ਪਾਰਟੀ ਦੀ ਨਹੀਂ, ਸਗੋਂ ਉਨ੍ਹਾਂ ਦੀ ਨਿੱਜੀ ਯਾਤਰਾ ਹੈ। ਵਿਧਾਇਕ ਮੁਤਾਬਕ ਬਸੀ ਪਠਾਣਾਂ ਅਤੇ ਲੁਧਿਆਣਾ ਵਿੱਚ ਕਾਂਗਰਸ ਦੇ ਵੱਡੇ ਆਗੂਆਂ ਦੀ ਗੈਰ-ਮੌਜੂਦਗੀ ਇਸ ਗੱਲ ਦਾ ਸੰਕੇਤ ਹੈ। ਉਨ੍ਹਾਂ ਕਾਂਗਰਸ ਆਗੂਆਂ ‘ਤੇ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਲੱਗੇ ਹੋਣ ਦਾ ਦੋਸ਼ ਵੀ ਲਗਾਇਆ। ਵਿਧਾਇਕ ਲਖਬੀਰ ਸਿੰਘ ਰਾਏ ਫਤਿਹਗੜ੍ਹ ਸਾਹਿਬ ਦੇ ਵਾਰਡ ਨੰਬਰ 16 ਵਿੱਚ 10.55 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਸਨ।

ਉਨ੍ਹਾਂ ਕਿਹਾ ਕਿ ਹਲਕਾ ਬਸੀ ਪਠਾਣਾਂ ਵਿਖੇ ਇਸ ਰੈਲੀ ਵਿਚ ਕਾਂਗਰਸ ਦਾ ਨਾ ਤਾਂ ਜ਼ਿਲ੍ਹਾ ਪ੍ਰਧਾਨ ਪਹੁੰਚਿਆ ਅਤੇ ਨਾ ਹੀ ਕੋਈ ਹੋਰ ਵੱਡਾ ਆਗੂ ਨਜ਼ਰ ਆਇਆ। ਇਸੇ ਤਰ੍ਹਾਂ ਲੁਧਿਆਣਾ ਪਹੁੰਚਣ ‘ਤੇ ਵੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਯਾਤਰਾ ਤੋਂ ਦੂਰੀ ਬਣਾਈ ਰੱਖੀ। ਕਾਂਗਰਸ ਦਾ ਹਰ ਆਗੂ ਆਪੋ-ਆਪਣੀ ਮੁੱਖ ਮੰਤਰੀ ਦੀ ਦੌੜ ਵਿੱਚ ਲੱਗਿਆ ਹੋਇਆ ਹੈ, ਪਰ ਪੰਜਾਬ ਦੇ ਲੋਕ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣਾਉਣਗੇ। ਇਸ ਦੌਰਾਨ ਉਨ੍ਹਾਂ ਨੇ ਵਾਰਡ ਨੰਬਰ 16 ਸਥਿਤ ਬੀ.ਡੀ.ਪੀ.ਓ. ਦਫ਼ਤਰ ਤੋਂ ਲੈ ਕੇ ਕੰਨਿਆ ਸਕੂਲ ਵਾਲੀ ਗਲੀ ਤੱਕ 10 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇੰਟਰਲਾਕ ਟਾਈਲਾਂ ਦੇ ਰਸਤੇ ਅਤੇ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ।
ਵਿਧਾਇਕ ਰਾਏ ਨੇ ਦੱਸਿਆ ਕਿ ਬੀ.ਡੀ.ਪੀ.ਓ. ਦਫ਼ਤਰ ਦੇ ਸਾਹਮਣੇ ਵਾਲੇ ਚੌਂਕ ਅਤੇ ਆਸ-ਪਾਸ ਦੇ ਇਲਾਕੇ ਦੀ ਹਾਲਤ ਪਹਿਲਾਂ ਕਾਫ਼ੀ ਖਸਤਾ ਸੀ। ਇੱਥੇ ਪਹਿਲਾਂ ਇੰਟਰਲਾਕ ਟਾਈਲਾਂ ਤਾਂ ਲੱਗੀਆਂ ਹੋਈਆਂ ਸਨ, ਪਰ ਚੌਂਕ ਅਤੇ ਬਰਮ ਦੀ ਹਾਲਤ ਸਹੀ ਨਹੀਂ ਸੀ। ਹੁਣ 10.55 ਲੱਖ ਰੁਪਏ ਦੀ ਗ੍ਰਾਂਟ ਨਾਲ ਇਸ ਪੂਰੇ ਚੌਂਕ ਦਾ ਮੁੜ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਹਿੰਦ ਮੰਡੀ ਵਿੱਚੋਂ ਆਉਣ ਵਾਲੇ ਬਰਸਾਤੀ ਪਾਣੀ ਦੇ ਨਿਕਾਸ (ਡਿਸਪੋਜ਼ਲ) ਲਈ ਪਾਈਆਂ ਗਈਆਂ ਪਾਈਪਾਂ ਕਾਰਨ ਜੋ ਬਰਮ ਟੁੱਟ ਗਿਆ ਸੀ, ਉਸ ਨੂੰ ਵੀ ਦੁਬਾਰਾ ਠੀਕ ਕੀਤਾ ਜਾਵੇਗਾ। ਇਲਾਕੇ ਦੀ ਸੁੰਦਰਤਾ ਵਧਾਉਣ ਲਈ ਭੋਲਾ ਸਵੀਟਸ ਦੇ ਸਾਹਮਣੇ ਵਾਲੇ ਪਾਸੇ ਰਹਿੰਦੇ ਕੱਚੇ ਬਰਮ ਨੂੰ ਵੀ ਪੱਕਾ ਕਰਕੇ ਤਿਆਰ ਕੀਤਾ ਜਾਵੇਗਾ।

