ਸੰਗਰੂਰ ਤੋਂ ਚੱਲੀ ਪੀ.ਆਰ.ਟੀ.ਸੀ ਬੱਸ ਨਾਲ ਭਿਆਨਕ ਹਾਦਸਾ/ 3 ਜਣਿਆਂ ਦੀ ਮੌਤ, ਦਰਜਨ ਤੋਂ ਵੱਧ ਜ਼ਖ਼ਮੀ, ਕਈ ਜਣੇ ਰੈਫਰ/ ਓਵਰਬ੍ਰਿਜ ਨਾਲ ਟਕਰਾਉਣ ਮਗਰੋਂ ਖੱਡ ‘ਚ ਪਲਟੀ ਬੱਸ

0
2

 

ਸੰਗਰੂਰ ਤੋਂ ਸਵੇਰੇ ਰਵਾਨਾ ਹੋਈ ਪੀ.ਆਰ.ਟੀ.ਸੀ. ਦੀ ਸਵਾਰੀਆਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਓਵਰਬ੍ਰਿਜ ਨਾਲ ਟਕਰਾਉਣ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਡੂੰਘੀ ਖੱਡ ਵਿੱਚ ਜਾ ਪਲਟੀ। ਹਾਦਸੇ ਵਿੱਚ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 21 ਦੇ ਕਰੀਬ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਵਿੱਚੋਂ 10 ਗੰਭੀਰ ਜ਼ਖ਼ਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ, ਜਦਕਿ 11 ਦਾ ਇਲਾਜ ਸਥਾਨਕ ਹਸਪਤਾਲ ਵਿੱਚ ਜਾਰੀ ਹੈ। ਪੁਲਿਸ ਮੁਤਾਬਕ ਬੱਸ ਸਵੇਰੇ ਕਰੀਬ 4:30 ਵਜੇ ਸੰਗਰੂਰ ਤੋਂ ਰਵਾਨਾ ਹੋਈ ਸੀ। ਸ਼ੁਰੂਆਤੀ ਜਾਂਚ ਵਿੱਚ ਬੱਸ ਦੀ ਤੇਜ਼ ਰਫ਼ਤਾਰ ਕਾਰਨ ਡਰਾਈਵਰ ਦਾ ਕੰਟਰੋਲ ਖੁੱਸਣ ਦੀ ਗੱਲ ਸਾਹਮਣੇ ਆ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਇਹ ਪੀ.ਆਰ.ਟੀ.ਸੀ. ਦੀ ਬੱਸ ਸੀ ਜੋ ਸੰਗਰੂਰ ਤੋਂ ਸਵੇਰੇ 4.30  ਵਜੇ ਚੱਲੀ ਸੀ ਅਤੇ ਸਵਾਰੀਆਂ ਨਾਲ ਭਰੀ ਹੋਈ ਸੀ। ਇਹ ਓਵਰਬ੍ਰਿਜ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਖੱਡ ਵਿੱਚ ਪਲਟ ਗਈ। ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਕਰੀਬ ਦਰਜਨ ਤੋਂ ਵਧੇਰੇ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਮੌਕੇ ‘ਤੇ ਧੁੰਦ ਦਾ ਕੋਈ ਅਸਰ ਨਹੀਂ ਸੀ, ਪ੍ਰਤੱਖਦਰਸ਼ੀਆਂ ਮੁਤਾਬਕ ਓਵਰ-ਸਪੀਡਿੰਗ ਕਾਰਨ ਬੱਸ ਬੇਕਾਬੂ ਹੋਈ ਲੱਗਦੀ ਹੈ।

ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹਾਦਸੇ ਵੇਲੇ ਮੌਸਮ ਸਾਫ਼ ਸੀ ਅਤੇ ਧੁੰਦ ਨਹੀਂ ਸੀ। ਸ਼ੁਰੂਆਤੀ ਜਾਂਚ ਅਤੇ ਸਵਾਰੀਆਂ ਦੇ ਬਿਆਨਾਂ ਮੁਤਾਬਕ ਬੱਸ ਤੇਜ਼ ਰਫ਼ਤਾਰ ਵਿੱਚ ਸੀ, ਜਿਸ ਕਾਰਨ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖੁੱਸ ਗਿਆ। ਹਸਪਤਾਲ ਪ੍ਰਸ਼ਾਸਨ ਮੁਤਾਬਕ ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫ਼ਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਉੱਥੇ ਹੀ ਡਾਕਟਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਹਸਪਤਾਲ ਵਿੱਚ ਕੁੱਲ 21 ਲੋਕਾਂ ਨੂੰ ਲਿਆਂਦਾ ਗਿਆ। ਹਸਪਤਾਲ ਦੇ ਡਾਕਟਰਾਂ ਮੁਤਾਬਕ, 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ, ਜਿਨ੍ਹਾਂ ਦੀਆਂ ਦੇਹਾਂ ਨੂੰ ਮੋਰਚਰੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ 10 ਮਰੀਜ਼ਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, 108 ਐਂਬੂਲੈਂਸਾਂ ਰਾਹੀਂ ਤੁਰੰਤ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ, ਜਿਸ ਸਬੰਧੀ ਪਟਿਆਲਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਉੱਥੇ ਹੀ ਬਾਕੀ ਬਚੇ 11 ਜ਼ਖ਼ਮੀਆਂ ਦਾ ਇਲਾਜ ਸਥਾਨਕ ਹਸਪਤਾਲ ਵਿੱਚ ਜਾਰੀ ਹੈ, ਜਿਨ੍ਹਾਂ ਦੇ ਸਕੈਨ ਅਤੇ ਜ਼ਰੂਰੀ ਟੈਸਟ ਕਰਵਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਸਿਹਤ ਤੇ ਲਗਾਤਾਰ ਨਜ਼ਰ ਰੱਖੀ ਜਾ ਸਕੇ।

 

LEAVE A REPLY

Please enter your comment!
Please enter your name here