ਅੰਮ੍ਰਿਤਸਰ ’ਚ ਨੰਬਰਦਾਰ ਦੀ ਸ਼ੱਕੀ ਹਾਲਤ ’ਚ ਮੌਤ/ ਨਹਿਰ ਕਿਨਾਰੇ ਪਈ ਮਿਲੀ ਲਾਸ਼/ ਦੁਕਾਨ ਤੋਂ ਸਾਮਾਨ ਲੈਣ ਗਿਆ ਸੀ ਤਰਸੇਮ ਸਿੰਘ

0
2

ਅੰਮ੍ਰਿਤਸਰ ਦੇ ਜੰਡਿਆਲਾ ਮਾਰਗ ’ਤੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਲੋਕਾਂ ਨੇ ਇੱਥੇ ਨਹਿਰ ਕਿਨਾਰੇ ਇਕ ਸਖਸ਼ ਦੀ ਲਾਸ਼ ਪਈ ਵੇਖੀ।  ਇੱਕ 57 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ 57 ਸਾਲਾ ਤਰਸੇਮ ਸਿੰਘ ਵਾਸੀ ਕੋਟ ਖਾਲਸਾ ਵਜੋਂ ਹੋਈ ਹੈ, ਜੋ ਡਾਕ ਵਿਭਾਗ ਵਿੱਚ ਨੌਕਰੀ ਕਰਨ ਦੇ ਨਾਲ-ਨਾਲ ਕਰਿਆਨੇ ਦੀ ਦੁਕਾਨ ਵੀ ਚਲਾਉਂਦੇ ਸਨ। ਪਰਿਵਾਰ ਮੁਤਾਬਕ ਉਹ ਘਰੋਂ ਸਾਮਾਨ ਲੈਣ ਲਈ ਨਿਕਲਿਆ ਸੀ ਕਿ ਕੁਝ ਸਮੇਂ ਬਾਅਦ ਉਸ ਦੀ ਲਾਸ਼ ਸੜਕ ’ਤੇ ਪਈ ਮਿਲੀ। ਪਰਿਵਾਰ ਨੇ ਮੌਤ ਨੂੰ ਲੈ ਕੇ ਸ਼ੱਕ ਜਤਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਮੁਤਾਬਕ ਮ੍ਰਿਤਕ ਕੋਲੋਂ ਨਕਦੀ, ਮੋਬਾਈਲ ਅਤੇ ਮੋਟਰਸਾਈਕਲ ਸੁਰੱਖਿਅਤ ਮਿਲੇ ਹਨ। ਪੁਲਿਸ ਵੱਲੋਂ ਦਿਲ ਦਾ ਦੌਰਾ ਪੈਣ, ਮੋਟਰਸਾਈਕਲ ਤੋਂ ਡਿੱਗਣ ਜਾਂ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਸਮੇਤ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਤਰਸੇਮ ਸਿੰਘ ਸਵੇਰੇ ਕਰੀਬ ਸਾਢੇ ਛੇ ਵਜੇ ਬਿਲਕੁਲ ਠੀਕ-ਠਾਕ ਹਾਲਤ ਵਿੱਚ ਚਾਹ ਪੀ ਕੇ ਘਰੋਂ ਨਿਕਲੇ ਸਨ। ਉਨ੍ਹਾਂ ਦੱਸਿਆ ਸੀ ਕਿ ਉਹ ਜੰਡਿਆਲਾ ਤੋਂ ਕਰਿਆਨੇ ਅਤੇ ਸਬਜ਼ੀ ਦਾ ਸਾਮਾਨ ਲੈਣ ਜਾ ਰਹੇ ਹਨ। ਇਸ ਤੋਂ ਕਰੀਬ ਇੱਕ ਘੰਟੇ ਬਾਅਦ, ਸਵੇਰੇ ਸਾਢੇ ਸੱਤ ਵਜੇ ਦੇ ਆਸ-ਪਾਸ, ਉਨ੍ਹਾਂ ਦੇ ਜੇਠ ਦੇ ਲੜਕਿਆਂ ਅਤੇ ਪਿੰਡ ਦੇ ਇੱਕ ਨੌਜਵਾਨ ਦਾ ਫੋਨ ਆਇਆ ਕਿ ਤਰਸੇਮ ਸਿੰਘ ਗੰਭੀਰ ਜ਼ਖ਼ਮੀ ਹਾਲਤ ਵਿੱਚ ਸੜਕ ’ਤੇ ਡਿੱਗੇ ਪਏ ਹਨ। ਪਰਿਵਾਰਕ ਮੈਂਬਰ ਤੁਰੰਤ ਮੌਕੇ ’ਤੇ ਪਹੁੰਚੇ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪਤਨੀ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ, ਅਸਲ ਸੱਚਾਈ ਸਾਹਮਣੇ ਲਿਆਉਣ ਅਤੇ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾਈ।
ਮ੍ਰਿਤਕ ਦੇ ਰਿਸ਼ਤੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਨੌਜਵਾਨ ਨੇ ਫੋਨ ਕਰਕੇ ਉਨ੍ਹਾਂ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ ਸੀ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਤਰਸੇਮ ਸਿੰਘ ਦੇ ਸਿਰ ਅਤੇ ਚਿਹਰੇ ਤੋਂ ਕਾਫ਼ੀ ਖੂਨ ਵਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਤਰਸੇਮ ਸਿੰਘ ਦੀ ਜੇਬ ਵਿੱਚ ਇੱਕ ਪਾਸੇ ਕਰੀਬ 7500 ਰੁਪਏ ਅਤੇ ਦੂਜੇ ਪਾਸੇ 3000 ਰੁਪਏ ਪਏ ਸਨ। ਇਸ ਤੋਂ ਇਲਾਵਾ ਉਨ੍ਹਾਂ ਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਵੀ ਮੌਕੇ ’ਤੇ ਹੀ ਮਿਲੇ। ਮੋਟਰਸਾਈਕਲ ਦਾ ਅਗਲਾ ਹਿੱਸਾ ਅਤੇ ਲਾਈਟ ਟੁੱਟੀ ਹੋਈ ਸੀ।
ਬਲਕਾਰ ਸਿੰਘ ਨੇ ਕਿਹਾ ਕਿ ਨਕਦੀ ਅਤੇ ਮੋਬਾਈਲ ਸੁਰੱਖਿਅਤ ਹੋਣ ਕਾਰਨ ਇਹ ਸਮਝ ਨਹੀਂ ਆ ਰਿਹਾ ਕਿ ਇਹ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਹਮਲਾ ਹੈ, ਕਿਸੇ ਵਾਹਨ ਦੀ ਟੱਕਰ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਨਹਿਰ ਕਿਨਾਰੇ ਸੁੰਨਸਾਨ ਰਸਤਿਆਂ ’ਤੇ ਅਕਸਰ ਸਮਾਜ ਵਿਰੋਧੀ ਅਨਸਰਾਂ ਅਤੇ ਲੁਟੇਰਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ, ਪਰ ਉੱਥੇ ਪੁਲਿਸ ਦੀ ਗਸ਼ਤ ਬਹੁਤ ਘੱਟ ਹੁੰਦੀ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਆਖ਼ਰ ਤਰਸੇਮ ਸਿੰਘ ਨਾਲ ਕੀ ਵਾਪਰਿਆ ਸੀ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਅਵਤਾਰ ਸਿੰਘ ਅਨੁਸਾਰ ਮੁੱਢਲੀ ਜਾਂਚ ਦੌਰਾਨ ਮ੍ਰਿਤਕ ਦੇ ਨੱਕ ਅਤੇ ਕੰਨਾਂ ਵਿੱਚੋਂ ਖੂਨ ਵਗਦਾ ਪਾਇਆ ਗਿਆ, ਜਦਕਿ ਸਰੀਰ ’ਤੇ ਕਿਸੇ ਤੇਜ਼ਧਾਰ ਜਾਂ ਬਾਹਰੀ ਹਥਿਆਰ ਨਾਲ ਕੀਤੇ ਹਮਲੇ ਦੇ ਸਪੱਸ਼ਟ ਨਿਸ਼ਾਨ ਨਹੀਂ ਮਿਲੇ। ਉਨ੍ਹਾਂ ਕੋਲੋਂ ਸਾਰੀ ਨਕਦੀ, ਮੋਬਾਈਲ ਫੋਨ ਅਤੇ ਮੋਟਰਸਾਈਕਲ ਸੁਰੱਖਿਅਤ ਬਰਾਮਦ ਹੋਏ ਹਨ। ਪਿੰਡ ਵਿੱਚ ਵੀ ਉਨ੍ਹਾਂ ਦੀ ਕਿਸੇ ਨਾਲ ਪੁਰਾਣੀ ਰੰਜਿਸ਼ ਸਾਹਮਣੇ ਨਹੀਂ ਆਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਅਚਾਨਕ ਦਿਲ ਦਾ ਦੌਰਾ ਪੈਣ ਅਤੇ ਮੋਟਰਸਾਈਕਲ ਤੋਂ ਡਿੱਗਣ ਦਾ ਮਾਮਲਾ ਵੀ ਹੋ ਸਕਦਾ ਹੈ ਜਾਂ ਫਿਰ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਵੀ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੌਤ ਦੇ ਅਸਲ ਅਤੇ ਸਪੱਸ਼ਟ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ, ਜਿਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here