ਪੰਜਾਬ ਮਲੋਟ ਦੀ ਕੋਲਿਆਂਵਾਲੀ ਮੰਡੀ ’ਚ ਕਿਸਾਨਾਂ ਦਾ ਧਰਨਾ/ ਬਾਹਰਲੇ ਝੋਨੇ ਦੀ ਆਮਦ ਨੂੰ ਲੈ ਕੇ ਕੀਤਾ ਹੰਗਾਮਾ/ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ’ਤੇ ਗੰਭੀਰ ਇਲਜ਼ਾਮ By admin - November 5, 2026 0 12 Facebook Twitter Pinterest WhatsApp ਮਲੋਟ ਦੇ ਪਿੰਡ ਕੋਲਿਆਂਵਾਲੀ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਬਾਹਰਲੇ ਇਲਾਕਿਆਂ ਤੋਂ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਵੇਚਣ, ਮੰਡੀ ਵਿੱਚ ਜਗ੍ਹਾ ਦੀ ਘਾਟ ਅਤੇ ਕਿਸਾਨਾਂ ਦੀ ਫ਼ਸਲ ’ਤੇ ਨਜਾਇਜ਼ ਕਾਟ ਲਗਾਉਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੰਡੀ ਬੰਦ ਕਰਵਾ ਕੇ ਧਰਨਾ ਲਗਾ ਦਿੱਤਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀ ਮਿਲੀਭੁਗਤ ਨਾਲ ਰਾਜਸਥਾਨ ਅਤੇ ਅਬੋਹਰ ਦੇ ਇਲਾਕਿਆਂ ਤੋਂ ਸਸਤਾ ਝੋਨਾ ਲਿਆ ਕੇ ਮੰਡੀ ਵਿੱਚ ਵੇਚਿਆ ਜਾ ਰਿਹਾ ਹੈ। ਕਿਸਾਨਾਂ ਨੇ ਪ੍ਰਤੀ ਗੱਟਾ 10 ਤੋਂ 12 ਕਿੱਲੋ ਤੱਕ ਨਜਾਇਜ਼ ਕਾਟ ਮੰਗਣ ਦੇ ਵੀ ਦੋਸ਼ ਲਗਾਏ ਹਨ। ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਕੁਮਾਰ ਨੇ ਜਾਂਚ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪਿੰਡ ਕੋਲਿਆਂਵਾਲੀ ਦੇ ਨਿਵਾਸੀ ਗੁਰਪ੍ਰੀਤ ਸਿੰਘ ਅਤੇ ਸੁਖਜਿੰਦਰ ਨੇ ਦੱਸਿਆ ਕਿ ਇਹ ਦਾਣਾ ਮੰਡੀ ਪੰਜ-ਛੇ ਆੜ੍ਹਤੀਆਂ ਨੂੰ ਅਲਾਟ ਹੋਈ ਹੈ ਅਤੇ ਇਸ ਨਾਲ ਚਾਰ ਪਿੰਡ—ਕੋਲਿਆਂਵਾਲੀ, ਬੁਰਜਾਂ, ਸ਼ਾਮਖੇੜਾ ਅਤੇ ਡੱਬਵਾਲੀ ਮਲਕੋ ਜੁੜੇ ਹੋਏ ਹਨ। ਇਨ੍ਹਾਂ ਪਿੰਡਾਂ ਦੇ ਝੋਨੇ ਦੀ ਕੁੱਲ ਆਮਦ ਕਰੀਬ ਡੇਢ ਤੋਂ ਦੋ ਲੱਖ ਬੋਰੀ (ਗੱਟਾ) ਬਣਦੀ ਹੈ, ਪਰ 5 ਨਵੰਬਰ ਤੱਕ ਮੰਡੀ ਵਿੱਚ 5 ਤੋਂ 7 ਲੱਖ ਗੱਟਾ ਝੋਨਾ ਪਹੁੰਚ ਚੁੱਕਾ ਹੈ। ਕਿਸਾਨ ਜਸਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਆੜ੍ਹਤੀਆਂ ਵੱਲੋਂ ਰਾਜਸਥਾਨ ਅਤੇ ਅਬੋਹਰ (ਬਹਾਵਵਾਲਾ) ਦੇ ਪਿੰਡਾਂ ਤੋਂ ਕਾਟ ‘ਤੇ ਸਸਤਾ ਝੋਨਾ ਖਰੀਦ ਕੇ ਕੋਲਿਆਂਵਾਲੀ ਮੰਡੀ ਵਿੱਚ ਸੁੱਟਿਆ ਜਾ ਰਿਹਾ ਹੈ। ਮੰਡੀ ਵਿੱਚ ਝੋਨੇ ਦੇ ਉੱਚੇ ਟਿੱਬੇ ਲੱਗਣ ਕਾਰਨ ਸਥਾਨਕ ਕਿਸਾਨਾਂ ਨੂੰ ਆਪਣੀ ਫ਼ਸਲ ਖਿਲਾਰਨ ਲਈ ਵੀ ਥਾਂ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਕਟਾਈ ਵਾਲੀਆਂ ਮਸ਼ੀਨਾਂ ਬੰਦ ਕਰਨੀਆਂ ਪਈਆਂ ਹਨ। ਕਿਸਾਨਾਂ ਨੇ ਦੱਸਿਆ ਕਿ ਮੰਡੀ ਵਿੱਚ ਪਿਆ ਉਨ੍ਹਾਂ ਦਾ ਸਾਫ਼ ਝੋਨਾ ਤੋਲਿਆ ਨਹੀਂ ਜਾ ਰਿਹਾ ਅਤੇ ਪਿਆ-ਪਿਆ ਹੀਟ ਹੋ ਰਿਹਾ ਹੈ, ਜਿਸ ਕਾਰਨ ਅਗਲੀ ਕਣਕ ਦੀ ਫ਼ਸਲ ਦੀ ਬਿਜਾਈ ਪੱਛੜ ਰਹੀ ਹੈ। ਦੂਜੇ ਪਾਸੇ, ਬਾਹਰੋਂ ਲਿਆਂਦਾ ਕਾਲਾ ਅਤੇ ਬਦਬੂ ਮਾਰਦਾ ਝੋਨਾ ਬਿਨਾਂ ਨਮੀ (moisture) ਚੈੱਕ ਕੀਤੇ ਅਤੇ ਬਿਨਾਂ ਪੱਖਾ ਲਾਏ ਸਿੱਧਾ ਸ਼ੈਲਰਾਂ ਵਿੱਚ ਲਿਫਟਿੰਗ ਕੀਤਾ ਜਾ ਰਿਹਾ ਹੈ। ਕਿਸਾਨਾਂ ਅਨੁਸਾਰ ਸ਼ੈਲਰ ਮਾਲਕ ਇਹ ਕਹਿ ਕੇ ਉਨ੍ਹਾਂ ਦੀ ਫ਼ਸਲ ਖਰੀਦਣ ਤੋਂ ਟਾਲਾ ਵੱਟ ਰਹੇ ਹਨ ਕਿ ਉਨ੍ਹਾਂ ਦਾ ਕੋਟਾ ਪੂਰਾ ਹੋ ਚੁੱਕਾ ਹੈ ਅਤੇ ਜੇਕਰ ਫ਼ਸਲ ਵੇਚਣੀ ਹੈ ਤਾਂ ਪ੍ਰਤੀ ਗੱਟਾ 10 ਤੋਂ 12 ਕਿੱਲੋ ਕਾਟ ਦੇਣੀ ਪਵੇਗੀ। ਕਿਸਾਨਾਂ ਨੇ ਰੋਸ ਜ਼ਾਹਰ ਕੀਤਾ ਕਿ ਮਾਰਕੀਟ ਕਮੇਟੀ ਮਲੋਟ ਦੇ ਅਧਿਕਾਰੀ ਜਾਂ ਸਰਕਾਰੀ ਇੰਸਪੈਕਟਰ ਵੱਲੋਂ ਮੰਡੀ ਦਾ ਕੋਈ ਦੌਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਉਹ ਕਿਸਾਨਾਂ ਦੇ ਫ਼ੋਨ ਚੁੱਕ ਰਹੇ ਹਨ। ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸੈਕਟਰੀ ਮਨਦੀਪ ਕੁਮਾਰ ਨੇ ਆਖਿਆ ਕਿ ਸਾਡੇ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਹਨ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਹਦੇ ਉੱਤੇ ਸਖਤ ਕਾਰਵਾਈ ਦੀ ਕੀਤੀ ਜਾਊਗੀ ਅਤੇ ਮੰਡੀ ਚਾਲਰੀ ਕਰਾਈ ਜਾਏਗੀ ਕਿਸਾਨਾਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਬੰਧਤ ਫਰਮਾਂ ਦੇ ਲਾਇਸੈਂਸ ਰੱਦ ਨਹੀਂ ਕੀਤੇ ਜਾਂਦੇ ਅਤੇ ਸਥਾਨਕ ਕਿਸਾਨਾਂ ਦੀ ਫ਼ਸਲ ਦੀ ਤੁਲਾਈ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਨਾ ਤਾਂ ਮੰਡੀ ਵਿੱਚ ਨਵਾਂ ਝੋਨਾ ਵੜਨ ਦਿੱਤਾ ਜਾਵੇਗਾ ਅਤੇ ਨਾ ਹੀ ਧਰਨਾ ਚੁੱਕਿਆ ਜਾਵੇਗਾ।