ਹਾਈ ਕੋਰਟ ਦਾ ਦਲਜੀਤ ਸਿੰਘ ਮਾਮਲੇ ’ਚ ਵੱਡਾ ਫ਼ੈਸਲਾ/ PGI ‘ਚ ਪੋਸਟਮਾਰਟਮ ਬਾਦ ਚੰਡੀਗੜ੍ਹ ‘ਚ ਸਸਕਾਰ ਦੇ ਹੁਕਮ/ ਪਿੰਡ ‘ਚ ਸਸਕਾਰ ਦੀ ਮੰਗ ‘ਤੇ ਅੜੀਆਂ ਪਤਨੀ ਤੇ ਭੈਣ

0
2

ਮਾਨਸਾ ਦੇ ਦਲਜੀਤ ਸਿੰਘ ਦੇ ਮਾਮਲੇ ਵਿਚ ਅਦਾਲਤ ਦੇ ਹੁਕਮਾਂ ਨਾਲ ਨਵਾਂ ਮੋੜ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੀਜੀਆਈ ਵਿੱਚ ਮੈਡੀਕਲ ਬੋਰਡ ਰਾਹੀਂ ਦੁਬਾਰਾ ਪੋਸਟਮਾਰਟਮ ਕਰਵਾਉਣ ਅਤੇ ਇਸ ਤੋਂ ਤੁਰੰਤ ਬਾਅਦ ਸੈਕਟਰ-25 ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਿਆਸੀ ਆਗੂਆਂ ਅਤੇ ਬਾਹਰੀ ਜਥੇਬੰਦੀਆਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ‘ਤੇ ਵੀ ਪਾਬੰਦੀ ਲਗਾਈ ਹੈ। ਪਰ ਦੂਜੇ ਪਾਸੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਅਤੇ ਭੈਣ ਅਮਰਜੀਤ ਕੌਰ ਪਿੰਡ ਭੰਮੇ ਕਲਾਂ ਵਿੱਚ ਹੀ ਸਸਕਾਰ ਕਰਨ ਦੀ ਮੰਗ ‘ਤੇ ਅੜੀਆਂ ਹੋਈਆਂ ਹਨ। ਉਹ ਪੀਜੀਆਈ ਤੋਂ ਪੋਸਟ ਮਾਰਟਮ ਕਰਵਾਉਣ ਉਤੇ ਤਾਂ ਸਹਿਮਤ ਹਨ ਪਰ ਚੰਡੀਗੜ੍ਹ ਵਿਖੇ ਸੰਸਕਾਰ ਕਰਨ ਲਈ ਰਾਜੀ ਨਹੀਂ ਹੋਈਆਂ। ਅਜਿਹੇ ਵਿਚ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਅੰਤਿਮ ਸੰਸਕਾਰ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ।
ਅਦਾਲਤ ਨੇ ਇਹ ਫ਼ੈਸਲਾ ਮ੍ਰਿਤਕ ਦੀ ਭੈਣ ਅਮਰਜੀਤ ਕੌਰ ਵੱਲੋਂ ਦਾਇਰ ਕੀਤੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ, ਇਲਾਕੇ ਵਿੱਚ ਤਣਾਅਪੂਰਨ ਸਥਿਤੀ ਅਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਮੁੱਖ ਰੱਖਦਿਆਂ ਲਿਆ ਹੈ।  ਹਾਈ ਕੋਰਟ ਦੇ ਜਸਟਿਸ ਸੰਜੇ ਵਸ਼ਿਸ਼ਟ ਨੇ ਨਿਰਦੇਸ਼ ਦਿੱਤੇ ਹਨ ਕਿ ਪੀਜੀਆਈ ਚੰਡੀਗੜ੍ਹ ਵਿਖੇ ਮੈਡੀਕਲ ਬੋਰਡ ਦੁਆਰਾ ਦੁਬਾਰਾ ਪੋਸਟਮਾਰਟਮ ਕੀਤੇ ਜਾਣ ਤੋਂ ਤੁਰੰਤ ਬਾਅਦ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਜਾਵੇ।
ਅਦਾਲਤ ਨੇ ਸਖ਼ਤੀ ਨਾਲ ਹੁਕਮ ਦਿੱਤਾ ਹੈ ਕਿ ਅੰਤਿਮ ਸੰਸਕਾਰ ਦੌਰਾਨ ਕਿਸੇ ਵੀ ਸਿਆਸੀ ਪਾਰਟੀ, ਆਗੂ ਜਾਂ ਬਾਹਰੀ ਜਥੇਬੰਦੀ ਨੂੰ ਸ਼ਾਮਲ ਹੋਣ ਜਾਂ ਦਖ਼ਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਦਾਲਤ ਨੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੇ ਡੀਜੀਪੀਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮ੍ਰਿਤਕ ਦੇ ਮਾਤਾ-ਪਿਤਾ, ਪਤਨੀ, ਭੈਣ, ਬੱਚਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਪੂਰੀ ਪੁਲਿਸ ਸੁਰੱਖਿਆ ਹੇਠ ਸ਼ਮਸ਼ਾਨਘਾਟ ਲਿਆਂਦਾ ਜਾਵੇ ਤਾਂ ਜੋ ਉਹ ਸ਼ਾਂਤੀਪੂਰਵਕ ਅੰਤਿਮ ਰਸਮਾਂ ਨਿਭਾ ਸਕਣ।

LEAVE A REPLY

Please enter your comment!
Please enter your name here