

ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਸ਼ਾਹਪੁਰ ਵਿੱਚ ਬਿਨਾਂ ਲਾਇਸੈਂਸ ਪਟਾਕੇ ਬਣਾਉਣ ਦੇ ਕਥਿਤ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਖੇਤਾਂ ਵਿੱਚ ਕਿਰਾਏ ’ਤੇ ਲਏ ਇੱਕ ਗੁਦਾਮ ’ਤੇ ਛਾਪੇਮਾਰੀ ਦੌਰਾਨ ਪੁਲਿਸ ਨੇ 11 ਕਿਲੋ 660 ਗ੍ਰਾਮ ਵਿਸਫੋਟਕ ਪਾਊਡਰ ਅਤੇ ਪਟਾਕੇ ਬਣਾਉਣ ਤੇ ਪੈਕਿੰਗ ਕਰਨ ਵਾਲਾ ਸਾਮਾਨ ਬਰਾਮਦ ਕੀਤਾ ਹੈ। ਇਹ ਕਾਰਵਾਈ ਲੁਧਿਆਣਾ ਦੀ ਮਿਲਟਰੀ ਇੰਟੈਲੀਜੈਂਸ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਪੁਲਿਸ ਨੇ ਮੁਜ਼ੱਫਰਨਗਰ ਦੇ ਰਹਿਣ ਵਾਲੇ ਫ਼ੇਜ਼ਾਨ ਖਾਨ ਖ਼ਿਲਾਫ਼ ਐਕਸਪਲੋਸਿਵ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਮੁੱਖ ਮੁਲਜ਼ਮ ਹਾਲੇ ਫਰਾਰ ਹੈ, ਜਿਸ ਦੀ ਭਾਲ ਲਈ ਕਾਰਵਾਈ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ 26 ਅਕਤੂਬਰ 2026 ਨੂੰ ਜਦੋਂ ਪੁਲਿਸ ਪਿੰਡ ਸ਼ਾਹਪੁਰ ਵਿਖੇ ਗਸ਼ਤ ਕਰ ਰਹੀ ਸੀ ਤਾਂ ਲੁਧਿਆਣਾ ਦੀ ਮਿਲਟਰੀ ਇੰਟੈਲੀਜੈਂਸ ਟੀਮ ਵੱਲੋਂ ਸੂਚਨਾ ਦਿੱਤੀ ਗਈ ਕਿ ਫ਼ੇਜ਼ਾਨ ਖਾਨ ਨਾਮਕ ਵਿਅਕਤੀ ਨੇ ਪਿੰਡ ਦੇ ਖੇਤਾਂ ਵਿੱਚ ਇੱਕ ਗੁਦਾਮ ਕਿਰਾਏ ’ਤੇ ਲਿਆ ਹੋਇਆ ਹੈ, ਜਿੱਥੇ ਕਥਿਤ ਤੌਰ ’ਤੇ ਬਿਨਾਂ ਲਾਇਸੈਂਸ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪੁਲਿਸ ਨੇ ਮਿਲੀ ਸੂਚਨਾ ਦੇ ਆਧਾਰ ’ਤੇ ਮਿਲਟਰੀ ਇੰਟੈਲੀਜੈਂਸ ਦੀ ਟੀਮ ਨਾਲ ਮਿਲ ਕੇ ਸਬੰਧਤ ਗੁਦਾਮ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਮੌਕੇ ਤੋਂ 11 ਕਿਲੋ 660 ਗ੍ਰਾਮ ਵਿਸਫੋਟਕ ਪਾਊਡਰ ਤੋਂ ਇਲਾਵਾ ਪਟਾਕੇ ਬਣਾਉਣ ਅਤੇ ਪੈਕਿੰਗ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ।
ਅਧਿਕਾਰੀ ਅਨੁਸਾਰ ਇਸ ਮਾਮਲੇ ਵਿੱਚ ਐੱਫ.ਆਈ.ਆਰ. ਫ਼ੇਜ਼ਾਨ ਖਾਨ ਵਿਰੁੱਧ ਐਕਸਪਲੋਸਿਵ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਫ਼ੇਜ਼ਾਨ ਖਾਨ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਹੈ। ਐਸਐਚਓ ਨੇ ਦੱਸਿਆ ਕਿ ਮੌਕੇ ’ਤੇ ਕੰਮ ਕਰ ਰਹੇ ਮਜ਼ਦੂਰਾਂ ਨਾਲ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਲਗਭਗ ਚਾਰ ਤੋਂ ਪੰਜ ਦਿਨ ਪਹਿਲਾਂ ਹੀ ਉੱਥੇ ਕੰਮ ਕਰਨ ਲਈ ਆਏ ਸਨ ਅਤੇ ਉਦੋਂ ਤੋਂ ਹੀ ਫ਼ੇਜ਼ਾਨ ਖਾਨ ਨਾਲ ਮਿਲ ਕੇ ਪਟਾਕੇ ਬਣਾਉਣ ਦਾ ਕੰਮ ਕਰ ਰਹੇ ਸਨ। ਮਾਮਲੇ ਨਾਲ ਸਬੰਧਤ ਗਵਾਹਾਂ ਅਤੇ ਮਜ਼ਦੂਰਾਂ ਦੇ ਬਿਆਨ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 183 ਤਹਿਤ ਮਾਣਯੋਗ ਅਦਾਲਤ ਵਿੱਚ ਦਰਜ ਕਰਵਾਏ ਗਏ ਹਨ। ਪੁਲਿਸ ਅਨੁਸਾਰ ਮੁੱਖ ਮੁਲਜ਼ਮ ਫ਼ੇਜ਼ਾਨ ਖਾਨ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

