ਬਟਾਲਾ ਦੇ ਦਾਰਾ ਸੇਖਵਾਂ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ 60 ਸਾਲ ਦੀ ਉਮਰ ’ਚ ਜਿੱਤਿਆ ਗੋਲਡ ਮੈਡਲ/ ਨੇਪਾਲ ’ਚ ਪਾਵਰ ਲਿਫਟਿੰਗ ’ਚ ਮਾਰੀ ਬਾਜ਼ੀ

0
2

 

ਬਟਾਲਾ ਦੇ 60 ਸਾਲਾ ਦੀਦਾਰ ਸਿੰਘ ਉਰਫ਼ ਦਾਰਾ ਸੇਖਵਾਂ ਨੇ ਨੇਪਾਲ ਵਿੱਚ ਹੋਏ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਫਿਟਨੈੱਸ ਅੱਜ ਵੀ ਨੌਜਵਾਨਾਂ ਨੂੰ ਮਾਤ ਦਿੰਦੀ ਹੈ। ਦਾਰਾ ਸੇਖਵਾਂ ਨੇ ਆਪਣੀ ਕੈਟਾਗਰੀ ਵਿੱਚ ਡੈੱਡਲਿਫਟ ਦੌਰਾਨ 90 ਤੋਂ 100 ਕਿਲੋਗ੍ਰਾਮ ਦੇ ਕਰੀਬ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ। ਖੇਡਾਂ ਦੇ ਖੇਤਰ ਵਿੱਚ ਉਹ ਹੁਣ ਤੱਕ 150 ਤੋਂ ਵੱਧ ਮੈਡਲ ਅਤੇ ਟਰਾਫੀਆਂ ਜਿੱਤ ਚੁੱਕੇ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਈਕੋ ਗਲੋਬਲ ਕੰਪਨੀ ਦੇ ਸੀਈਓ ਰੋਹਿਤ ਸ਼ਰਮਾ ਵੱਲੋਂ 51 ਹਜ਼ਾਰ ਰੁਪਏ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਵੱਲੋਂ 21 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਦੀਦਾਰ ਸਿੰਘ ਉਰਫ਼ ਦਾਰਾ ਸੇਖਵਾਂ ਦਾ ਸਰੀਰ ਅਤੇ ਉਨ੍ਹਾਂ ਦੀ ਫਿਟਨੈੱਸ ਅੱਜ ਵੀ ਚੰਗੇ-ਚੰਗੇ ਨੌਜਵਾਨਾਂ ਨੂੰ ਮਾਤ ਦਿੰਦੀ ਹੈ। ਨਿਯਮਤ ਕਸਰਤ, ਸੰਤੁਲਿਤ ਖੁਰਾਕ ਅਤੇ ਸਾਲਾਂ ਦੀ ਸਖ਼ਤ ਮਿਹਨਤ ਸਦਕਾ ਉਨ੍ਹਾਂ ਨੇ ਆਪਣੇ ਆਪ ਨੂੰ ਫਿੱਟ ਰੱਖਿਆ ਹੋਇਆ ਹੈ। ਉਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਹੈ, ਜੋ ਉਮਰ ਵਧਣ ਦੇ ਨਾਲ ਆਪਣੇ ਸੁਪਨਿਆਂ ਨੂੰ ਅਧੂਰਾ ਛੱਡ ਦਿੰਦੇ ਹਨ। ਦੀਦਾਰ ਸਿੰਘ ਉਰਫ਼ ਦਾਰਾ ਸੇਖਵਾਂ ਨੇ ਦੱਸਿਆ ਕਿ ਨੇਪਾਲ ਵਿੱਚ 9, 10 ਅਤੇ 11 ਤਰੀਕ ਨੂੰ ਹੋਏ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਆਪਣੀ ਕੈਟਾਗਰੀ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਡੈੱਡਲਿਫਟ ਵਿੱਚ ਲਗਭਗ 90 ਤੋਂ 100 ਕਿਲੋਗ੍ਰਾਮ ਭਾਰ ਚੁੱਕਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ। ਉਨ੍ਹਾਂ ਮੁਤਾਬਕ ਅੰਤਰਰਾਸ਼ਟਰੀ ਪੱਧਰ ’ਤੇ ਇਹ ਉਨ੍ਹਾਂ ਦਾ ਪਹਿਲਾ ਪਾਵਰ ਲਿਫਟਿੰਗ ਮੁਕਾਬਲਾ ਸੀ, ਜਿਸ ਵਿੱਚ ਸੋਨ ਤਗਮਾ ਜਿੱਤਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਦੀਦਾਰ ਸਿੰਘ ਉਰਫ਼ ਦਾਰਾ ਸੇਖਵਾਂ ਇਸ ਤੋਂ ਪਹਿਲਾਂ ਵੀ ਖੇਡਾਂ ਦੇ ਖੇਤਰ ਵਿੱਚ ਕਈ ਪ੍ਰਾਪਤੀਆਂ ਕਰ ਚੁੱਕੇ ਹਨ। ਉਹ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਨਾਲ ਬਾਡੀ ਬਿਲਡਿੰਗ ਅਤੇ ਹੋਰ ਤਾਕਤ ਵਾਲੀਆਂ ਖੇਡਾਂ ਵਿੱਚ ਵੀ ਆਪਣੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਕੋਲ ਕਈ ਟਰਾਫੀਆਂ ਅਤੇ ਸੋਨੇ ਤੇ ਚਾਂਦੀ ਦੇ ਤਗਮੇ ਹਨ। ਉਨ੍ਹਾਂ ਨੇ ਦੱਸਿਆ ਕਿ 40 ਸਾਲ ਦੀ ਉਮਰ ਤੋਂ ਬਾਅਦ ਉਨ੍ਹਾਂ ਦਾ ਰੁਝਾਨ ਮੁੜ ਕਸਰਤ ਅਤੇ ਬਾਡੀ ਬਿਲਡਿੰਗ ਵੱਲ ਵਧਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਦੀਦਾਰ ਸਿੰਘ ਉਰਫ਼ ਦਾਰਾ ਸੇਖਵਾਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਪਰਿਵਾਰ, ਦੋਸਤਾਂ, ਖੇਡ ਪ੍ਰੇਮੀਆਂ ਅਤੇ ਸਹਿਯੋਗੀਆਂ ਨੂੰ ਦਿੱਤਾ।
ਉਨ੍ਹਾਂ ਖ਼ਾਸ ਤੌਰ ’ਤੇ ਰੋਹਿਤ ਸ਼ਰਮਾ ਅਤੇ ਮੋਹਿਤ ਸ਼ਰਮਾ ਵੱਲੋਂ ਮਿਲੇ ਸਹਿਯੋਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਸਰਤ ਲਈ ਸਮਾਂ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ। ਇਸ ਤੋਂ ਇਲਾਵਾ ਹੋਰ ਖੇਡ ਪ੍ਰੇਮੀਆਂ ਅਤੇ ਸਹਿਯੋਗੀਆਂ ਨੇ ਵੀ ਉਨ੍ਹਾਂ ਦਾ ਹੌਸਲਾ ਵਧਾਇਆ। ਦੀਦਾਰ ਸਿੰਘ ਉਰਫ਼ ਦਾਰਾ ਸੇਖਵਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ਿਆਂ ਅਤੇ ਮਾੜੀਆਂ ਆਦਤਾਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਕਸਰਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਗਨ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਨਾਲ ਕਿਸੇ ਵੀ ਉਮਰ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਜਾ ਸਕਦੀ ਹੈ। ਨੇਪਾਲ ਤੋਂ ਜਿੱਤਿਆ ਗਿਆ ਇਹ ਸੋਨ ਤਗਮਾ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਅਤੇ ਬਟਾਲਾ ਲਈ ਮਾਣ ਵਾਲੀ ਪ੍ਰਾਪਤੀ ਹੈ।

LEAVE A REPLY

Please enter your comment!
Please enter your name here