ਅਮਨ ਅਰੋੜਾ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਲੈ ਕੇ ਘੇਰੀ ਕਾਂਗਰਸ / ਕਿਹਾ, ਸੱਤਾ ’ਚ ਆਈ ਤਾਂ ਬਿਜਲੀ ਸਬਸਿਡੀ ਤੇ ਔਰਤਾਂ ਦੇ ਪੈਸੇ ਬੰਦ ਕਰੇਗੀ ਕਾਂਗਰਸ

0
5

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਬਕਾ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਬਸਿਡੀਆਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ ਹੈ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਸਿਰਫ਼ ਲੋੜਵੰਦਾਂ ਨੂੰ ਹੀ ਸਬਸਿਡੀਆਂ ਦੇਣ ਦੇ ਹੱਕ ਵਿੱਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬਿਜਲੀ ਸਬਸਿਡੀ ਅਤੇ ਔਰਤਾਂ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਬੰਦ ਕੀਤੀ ਜਾ ਸਕਦੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਬਿਆਨਾਂ ਤੋਂ ਉਨ੍ਹਾਂ ਦੀ ਪਾਰਟੀ ਦੀ ਨੀਤੀ ਸਪੱਸ਼ਟ ਹੋ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕਾਂਗਰਸ ਦੇ ਆਗੂ ਸਬਸਿਡੀਆਂ ਨੂੰ ਹਰ ਕਿਸੇ ਲਈ ਜ਼ਰੂਰੀ ਨਹੀਂ ਮੰਨਦੇ ਤਾਂ ਕੀ ਕਿਸੇ ਕਾਂਗਰਸੀ ਆਗੂ ਨੇ ਖ਼ੁਦ ਬਿਜਲੀ ਸਬਸਿਡੀ ਜਾਂ ਹੋਰ ਸਹੂਲਤਾਂ ਲੈਣ ਤੋਂ ਇਨਕਾਰ ਕੀਤਾ ਹੈ? ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਵੀ ਮੁਫ਼ਤ ਬਿਜਲੀ ਜਾਰੀ ਰੱਖਣ ਦੇ ਵਾਅਦੇ ਕੀਤੇ ਸਨ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਕਿਸਾਨਾਂ ਨੂੰ ਮਿਲਣ ਵਾਲੀ ਬਿਜਲੀ ਸਬਸਿਡੀ ਬੰਦ ਕਰ ਦਿੱਤੀ ਗਈ ਸੀ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਚੋਣਾਂ ਦੌਰਾਨ ਇਸ ਸਹੂਲਤ ਨੂੰ ਮੁੜ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮੌਜੂਦਾ ਸਿਆਸੀ ਸਥਿਤੀ ਪਹਿਲਾਂ ਨਾਲੋਂ ਕਮਜ਼ੋਰ ਹੈ ਅਤੇ ਲੋਕਾਂ ਨੂੰ ਉਸ ਦੀਆਂ ਨੀਤੀਆਂ ਬਾਰੇ ਸੋਚਣਾ ਚਾਹੀਦਾ ਹੈ। ਨਸ਼ਾ ਤਸਕਰੀ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਸਪੱਸ਼ਟ ਹੈ ਕਿ ਸੂਬੇ ਵਿੱਚ ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਸਰਕਾਰੀ ਅਧਿਕਾਰੀ ਹੋਵੇ ਜਾਂ ਸਿਆਸਤਦਾਨ।
ਭਾਜਪਾ ਦੇ ਸਰਕਾਰ ਬਣਾਉਣ ਦੇ ਦਾਅਵੇ ’ਤੇ ਵੀ ਚੁੱਕੇ ਸਵਾਲ : ਪੰਜਾਬ ਵਿੱਚ ਐਨਡੀਏ ਦੀ ਸਰਕਾਰ ਬਣਾਉਣ ਸਬੰਧੀ ਭਾਜਪਾ ਦੇ ਦਾਅਵੇ ’ਤੇ ਪ੍ਰਤੀਕਿਰਿਆ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਪਹਿਲਾਂ ਆਪਣੇ ਦਮ ’ਤੇ ਸਰਕਾਰ ਬਣਾਉਣ ਦੀ ਗੱਲ ਕਰਦੀ ਸੀ, ਪਰ ਹੁਣ ਉਸ ਦੀ ਸਿਆਸੀ ਸਥਿਤੀ ਅਜਿਹੀ ਨਹੀਂ ਰਹੀ ਕਿ ਉਹ ਇਕੱਲਿਆਂ ਸਰਕਾਰ ਬਣਾ ਸਕੇ। ਉਨ੍ਹਾਂ ਭਾਜਪਾ ਦੇ ਦਾਅਵਿਆਂ ’ਤੇ ਸਵਾਲ ਉਠਾਏ।
ਵਿਧਾਨ ਸਭਾ ਸੈਸ਼ਨ ਮੁਅੱਤਲ ਹੋਣ ’ਤੇ ਅਮਨ ਅਰੋੜਾ ਨੇ ਕਿਹਾ ਕਿ ਇਹ ਕੋਈ ਵੱਡਾ ਮੁੱਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਅਲੀਸ਼ੇਰ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਅਤੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਨਾਲ ਜੁੜੇ ਮਾਮਲੇ ਕਾਰਨ ਪੰਜਾਬ ਵਿੱਚ ਦੁੱਖ ਦਾ ਮਾਹੌਲ ਸੀ। ਅਜਿਹੇ ਹਾਲਾਤ ਵਿੱਚ ਸੈਸ਼ਨ ਕਰਵਾਉਣਾ ਉਚਿਤ ਨਹੀਂ ਜਾਪਦਾ ਸੀ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਜਾਂ ਨਾ ਬੁਲਾਉਣ ਬਾਰੇ ਅੰਤਿਮ ਫ਼ੈਸਲਾ ਸਪੀਕਰ ਦਾ ਹੁੰਦਾ ਹੈ।

LEAVE A REPLY

Please enter your comment!
Please enter your name here