ਮੋਗਾ ’ਚ ਭਿਆਨਕ ਹਾਦਸੇ ਚ 2 ਮੌਤਾਂ, ਤਿੰਨ ਜ਼ਖਮੀ/ ਖੜ੍ਹੇ ਟਰਾਲੇ ਨਾਲ ਟਕਰਾਈ ਪਰਿਵਾਰ ਦੀ ਕਾਰ/ ਵਿਆਹ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ

0
2

ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਨੇੜੇ ਸੋਮਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਰਿਆਣਾ ਵਿੱਚ ਵਿਆਹ ਸਮਾਗਮ ਤੋਂ ਸ਼ਾਮਲ ਹੋ ਕੇ ਵਾਪਸ ਆ ਰਹੇ ਇੱਕ ਪਰਿਵਾਰ ਦੀ ਆਲਟੋ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ-ਟਰਾਲੇ ਨਾਲ ਟਕਰਾ ਗਈ। ਹਾਦਸੇ ਵਿੱਚ ਇੱਕ ਵਿਅਕਤੀ ਅਤੇ ਉਸ ਦੇ 10 ਸਾਲਾ ਭਤੀਜੇ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਤਿੰਨ ਹੋਰ ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਲੋਹੀਆਂ ਖ਼ਾਸ ਦਾ ਰਹਿਣ ਵਾਲਾ ਪ੍ਰਦੀਪ ਗਾਂਧੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਲਟੋ ਕਾਰ ਵਿੱਚ ਸਵਾਰ ਹੋ ਕੇ ਹਰਿਆਣਾ ਵਿਖੇ ਹੋਏ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ। ਕਾਰ ਵਿੱਚ ਉਸ ਦੀ ਮਾਤਾ ਰਾਧਾ ਰਾਣੀ, ਭਰਾ ਮੋਦਨ ਗਾਂਧੀ, ਭਰਜਾਈ ਪ੍ਰਿਯੰਕਾ ਗਾਂਧੀ ਅਤੇ 10 ਸਾਲਾ ਭਤੀਜਾ ਨਵਜੋਤ ਗਾਂਧੀ ਪੁੱਤਰ ਮੋਦਨ ਗਾਂਧੀ ਵੀ ਸਵਾਰ ਸਨ। ਜਦੋਂ ਪਰਿਵਾਰ ਦੀ ਕਾਰ ਸੋਮਵਾਰ ਸਵੇਰੇ ਪਿੰਡ ਬੁੱਟਰ ਕਲਾਂ ਨੇੜੇ ਪਹੁੰਚੀ ਤਾਂ ਸੜਕ ਕਿਨਾਰੇ ਖੜ੍ਹੇ ਟਰੱਕ-ਟਰਾਲੇ ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਵਿੱਚ ਸਵਾਰ ਸਾਰੇ ਪੰਜ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਪ੍ਰਦੀਪ ਗਾਂਧੀ ਅਤੇ ਉਸ ਦੇ 10 ਸਾਲਾ ਭਤੀਜੇ ਨਵਜੋਤ ਗਾਂਧੀ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਵਿੱਚ ਰਾਧਾ ਰਾਣੀ, ਮੋਦਨ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤਿੰਨਾਂ ਨੂੰ ਬਿਹਤਰ ਇਲਾਜ ਲਈ ਜਲੰਧਰ ਰੈਫਰ ਕਰ ਦਿੱਤਾ ਗਿਆ। ਪਰਿਵਾਰ ਵਿੱਚ ਦੋ ਮੌਤਾਂ ਹੋਣ ਕਾਰਨ ਮਾਤਮ ਛਾ ਗਿਆ। ਇਸ ਸਬੰਧੀ ਥਾਣਾ ਬੱਧਨੀ ਕਲਾਂ ਦੇ ਏਐੱਸਆਈ ਅਮਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਟਰੱਕ-ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਸਬੰਧਤ ਤੱਥ ਇਕੱਠੇ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here