ਸਮਰਾਲਾ ’ਚ ਦਰਦਨਾਕ ਹਾਦਸਾ ਦੌਰਾਨ ਨੌਜਵਾਨ ਦੀ ਮੌਤ/ ਸਕੇ ਭਰਾਵਾਂ ਨੂੰ ਸਕਰੈਪ ਵਾਲੀ ਗੱਡੀ ਨੇ ਮਾਰੀ ਟੱਕਰ/ ਬਰਧਾਲਾ ਪੁਲਿਸ ਚੌਂਕੀ ਅੱਗੇ ਧਰਨਾ ਦੇ ਕੇ ਮੰਗਿਆ ਇਨਸਾਫ

0
2

ਸਮਰਾਲਾ ਦੇ ਖੰਨਾ ਰੋਡ ’ਤੇ ਨੌਲੜੀ ਨੇੜੇ ਸਕਰੈਪ ਨਾਲ ਭਰੀ ਗੱਡੀ ਨੇ ਦੋ ਮੋਟਰਸਾਈਕਲ ਸਵਾਰ ਸਕੇ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ 17 ਸਾਲਾ ਹਰਸੇਵਕ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦਾ ਭਰਾ ਗੁਰਸੇਵਕ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਗੱਡੀ ਦੇ ਚਾਲਕ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਉਧਰ, ਪੁਲਿਸ ਕਾਰਵਾਈ ਤੋਂ ਅਸੰਤੁਸ਼ਟ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਬਰਧਾਲਾ ਪੁਲਿਸ ਚੌਕੀ ਨੇੜੇ ਧਰਨਾ ਲਗਾ ਦਿੱਤਾ। ਪਰਿਵਾਰ ਨੇ ਪੁਲਿਸ ’ਤੇ ਢਿੱਲੀ ਕਾਰਵਾਈ ਦੇ ਦੋਸ਼ ਲਗਾਉਂਦਿਆਂ ਨਿਰਪੱਖ ਜਾਂਚ ਅਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨੂੰ ਕਾਨੂੰਨ ਮੁਤਾਬਕ ਕਾਰਵਾਈ ਦਾ ਭਰੋਸਾ ਦਿੱਤਾ।
ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਹਰਸੇਵਕ ਸਿੰਘ, ਜਿਸ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ, ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਗੁਰਸੇਵਕ ਸਿੰਘ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਖੰਨਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਸਕਰੈਪ ਨਾਲ ਭਰੀ ਗੱਡੀ ਦਾ ਚਾਲਕ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ।
ਉਧਰ, ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਅਸੰਤੁਸ਼ਟ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਬਰਧਾਲਾ ਪੁਲਿਸ ਚੌਕੀ ਦੇ ਨੇੜੇ ਧਰਨਾ ਲਗਾ ਦਿੱਤਾ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਮਾਮਲੇ ਵਿੱਚ ਪੁਲਿਸ ਵੱਲੋਂ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਇਹ ਵੀ ਖ਼ਦਸ਼ਾ ਸੀ ਕਿ ਡਰਾਈਵਰ ਨੂੰ ਬਦਲ ਕੇ ਕਿਸੇ ਹੋਰ ਵਿਅਕਤੀ ਦਾ ਨਾਮ ਮਾਮਲੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਕਾਰਨ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਧਰਨੇ ਦੀ ਸੂਚਨਾ ਮਿਲਣ ’ਤੇ ਪੁਲਿਸ ਪ੍ਰਸ਼ਾਸਨ ਅਤੇ ਡੀਐੱਸਪੀ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਵਿੱਚ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਮ੍ਰਿਤਕ ਦੇ ਮਾਪਿਆਂ ਨੇ ਮੰਗ ਕੀਤੀ ਕਿ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਜੇਲ੍ਹ ਭੇਜਿਆ ਜਾਵੇ, ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।

LEAVE A REPLY

Please enter your comment!
Please enter your name here