ਪੰਜਾਬ ਰੂਪਨਗਰ ’ਚ NGO ਸੰਚਾਲਕ ’ਤੇ ਢਾਈ ਲੱਖ ਲੈਣ ਦੇ ਦੋਸ਼/ ਮਦਦ ਦੇ ਨਾਂ ’ਤੇ ਪੈਸੇ ਲੈਣ ਦਾ ਇਲਜ਼ਾਮ/ ਨਵਪ੍ਰੀਤ ਸ਼ਰਮਾ ਨੇ ਦੋਸ਼ ਨਕਾਰੇ, ਪੁਲਿਸ ਵੱਲੋਂ ਜਾਂਚ ਸ਼ੁਰੂ By admin - October 17, 2026 0 2 Facebook Twitter Pinterest WhatsApp ਰੂਪਨਗਰ ਵਿੱਚ ‘ਹੱਕ ਸੱਚ ਦੀ ਆਵਾਜ਼’ ਐੱਨਜੀਓ ਦੀ ਸੰਚਾਲਕ ਨਵਪ੍ਰੀਤ ਸ਼ਰਮਾ ’ਤੇ ਢਾਈ ਲੱਖ ਰੁਪਏ ਲੈਣ ਦੇ ਦੋਸ਼ ਲੱਗੇ ਹਨ। ਇੱਕ ਮਹਿਲਾ ਅਤੇ ਉਸ ਦੇ ਭਰਾ ਦਾ ਦੋਸ਼ ਹੈ ਕਿ ਘਰੇਲੂ ਵਿਵਾਦ ਦੇ ਮਾਮਲੇ ਵਿੱਚ ਮਦਦ ਕਰਵਾਉਣ ਲਈ ਵੱਖ-ਵੱਖ ਕਿਸ਼ਤਾਂ ਵਿੱਚ ਇਹ ਰਕਮ ਦਿੱਤੀ ਗਈ, ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਸ਼ਿਕਾਇਤਕਰਤਾ ਧਿਰ ਵੱਲੋਂ ਆਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਗਈ ਹੈ। ਦੂਜੇ ਪਾਸੇ, ਨਵਪ੍ਰੀਤ ਸ਼ਰਮਾ ਨੇ ਦੋਸ਼ਾਂ ਨੂੰ ਨਕਾਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਨਵਪ੍ਰੀਤ ਸ਼ਰਮਾ ਨੇ ਸ਼ਿਕਾਇਤਕਰਤਾ ਨੂੰ ਧਾਰਮਿਕ ਸਥਾਨ ਤੇ ਸਹੁੰ ਚੁੱਕਣ ਦੀ ਚੁਨੌਤੀ ਵੀ ਦਿੱਤੀ ਹੈ। ਪੁਲਿਸ ਮੁਤਾਬਕ, ਮਾਮਲੇ ਦੀ ਜਾਂਚ ਜਾਰੀ ਹੈ ਅਤੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸ਼ਿਕਾਇਤਕਰਤਾ ਧਿਰ ਦੇ ਕਮਲ ਅਨੁਸਾਰ, ਉਸ ਦੀ ਭੈਣ ਦਾ ਆਪਣੇ ਸਾਥੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਮਦਦ ਲੈਣ ਲਈ ਉਹ ਸੋਸ਼ਲ ਮੀਡੀਆ ਰਾਹੀਂ ਉਕਤ ਸੰਸਥਾ ਦੇ ਸੰਪਰਕ ਵਿੱਚ ਆਏ ਸਨ। ਕਮਲ ਅਤੇ ਉਸ ਦੀ ਭੈਣ ਦਾ ਦੋਸ਼ ਹੈ ਕਿ ਮਾਮਲੇ ਦੇ ਹੱਲ ਅਤੇ ਕਾਰਵਾਈ ਕਰਵਾਉਣ ਦੇ ਸਬੰਧ ਵਿੱਚ ਵੱਖ-ਵੱਖ ਕਿਸ਼ਤਾਂ ਰਾਹੀਂ ਕੁੱਲ ਢਾਈ ਲੱਖ ਰੁਪਏ ਦਿੱਤੇ ਗਏ, ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਇਸ ਸਬੰਧੀ ਉਨ੍ਹਾਂ ਵੱਲੋਂ ਐੱਸ.ਐੱਸ.ਪੀ. ਰੂਪਨਗਰ ਨੂੰ ਸ਼ਿਕਾਇਤ ਦੇਣ ਦੀ ਗੱਲ ਕਹੀ ਗਈ ਹੈ। ਕਮਲ ਵੱਲੋਂ ਪੱਤਰਕਾਰ ਨੂੰ ਇਕ ਆਡੀਓ ਰਿਕਾਰਡਿੰਗ ਵੀ ਦਿੱਤੀ ਗਈ ਹੈ। ਉਸ ਦਾ ਦਾਅਵਾ ਹੈ ਕਿ ਇਸ ਵਿੱਚ ਨਵਪ੍ਰੀਤ ਸ਼ਰਮਾ ਨਾਲ ਹੋਈ ਗੱਲਬਾਤ ਦਰਜ ਹੈ। ਕਮਲ ਵੱਲੋਂ ਦੱਸੇ ਵੇਰਵਿਆਂ ਅਨੁਸਾਰ, ਗੱਲਬਾਤ ਵਿੱਚ ਕੰਮ ਪੂਰਾ ਕਰਨ ਦੀ ਸਮਾਂ-ਸੀਮਾ ਅਤੇ ਅਗਲੇ ਦਿਨ ਤੱਕ ਆਖ਼ਰੀ ਕੋਸ਼ਿਸ਼ ਕਰਨ ਸਬੰਧੀ ਗੱਲਬਾਤ ਦਾ ਜ਼ਿਕਰ ਹੈ। ਹਾਲਾਂਕਿ, ਰਿਕਾਰਡਿੰਗ ਦੀ ਪ੍ਰਮਾਣਿਕਤਾ, ਇਸ ਵਿੱਚ ਬੋਲਣ ਵਾਲਿਆਂ ਦੀ ਪਛਾਣ ਅਤੇ ਪੂਰੇ ਸੰਦਰਭ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ। ਇਸ ਲਈ ਰਿਕਾਰਡਿੰਗ ਦੇ ਆਧਾਰ ’ਤੇ ਕਿਸੇ ਨਤੀਜੇ ’ਤੇ ਪਹੁੰਚਣਾ ਉਚਿਤ ਨਹੀਂ ਹੋਵੇਗਾ। ਉਧਰ ਨਵਪ੍ਰੀਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਅਤੇ ਉਨ੍ਹਾਂ ਖ਼ਿਲਾਫ਼ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਸਿਆਸੀ ਜਾਂ ਨਿੱਜੀ ਰੰਜਿਸ਼ ਦੀ ਸੰਭਾਵਨਾ ਵੀ ਜਤਾਈ। ਨਵਪ੍ਰੀਤ ਸ਼ਰਮਾ ਨੇ ਸ਼ਿਕਾਇਤਕਰਤਾ ਨੂੰ ਇਕ ਧਾਰਮਿਕ ਅਸਥਾਨ ਉਤੇ ਜਾ ਕੇ ਸਹੁੰ ਚੁੱਕਣ ਦੀ ਚੁਨੌਤੀ ਵੀ ਦਿੱਤੀ ਹੈ। ਉਸ ਨੇ ਕਿਹਾ ਕਿ ਜੇਕਰ ਸ਼ਿਕਾਇਤ ਕਰਤਾ ਧਾਰਮਿਕ ਸਥਾਨ ਤੇ ਜਾ ਕੇ ਇਹ ਗੱਲ ਕਹਿ ਦਿੰਦੀ ਹੈ ਤਾਂ ਦੋਸ਼ ਮੰਨਣ ਲਈ ਤਿਆਰ ਹੈ। ਇਸ ਸਬੰਧੀ ਐੱਸ.ਐੱਚ.ਓ. ਰੂਪਨਗਰ ਸਿਟੀ ਪਵਨ ਕੁਮਾਰ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।