ਜਗਰਾਓ ਪੁਲਿਸ ਦਾ ਵਿਆਹ ਦੇ ਨਾਮ ਠੱਗੀ ਮਾਮਲੇ ’ਚ ਐਕਸ਼ਨ/ ਕੈਨੇਡਾ ਜਾ ਕੇ ਮੁਕਰਨ ਵਾਲੀ ਲਾੜੀ 7 ਸਾਲ ਬਾਅਦ ਗ੍ਰਿਫਤਾਰ/ 51 ਲੱਖ ਠੱਗੀ ਦੇ ਲਾਏ ਸੀ ਇਲਜ਼ਾਮ

0
2

 

ਜਗਰਾਓ ਪੁਲਿਸ ਨੇ ਵਿਆਹ ਕਰਵਾ ਕੇ ਕੈਨੇਡਾ ਜਾਣ ਅਤੇ ਕਥਿਤ ਤੌਰ ’ਤੇ 51 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਲਾੜੀ ਜਸਪ੍ਰੀਤ ਕੌਰ ਨੂੰ 7 ਸਾਲ ਬਾਅਦ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਪੀੜਤ ਪਰਿਵਾਰ ਮੁਤਾਬਕ ਸਾਲ 2019 ਵਿੱਚ ਉਨ੍ਹਾਂ ਦੇ ਪੁੱਤਰ ਹਰਪ੍ਰੀਤ ਸਿੰਘ ਦਾ ਵਿਆਹ ਬਰਨਾਲਾ ਵਾਸੀ ਜਸਪ੍ਰੀਤ ਕੌਰ ਨਾਲ ਹੋਇਆ ਸੀ। ਉਸ ਨੂੰ ਕੈਨੇਡਾ ਭੇਜਣ ’ਤੇ 51 ਲੱਖ 60 ਹਜ਼ਾਰ ਰੁਪਏ ਖਰਚ ਕੀਤੇ ਗਏ, ਪਰ ਕੈਨੇਡਾ ਪਹੁੰਚਣ ਤੋਂ ਬਾਅਦ ਉਹ ਮੁੱਕਰ ਗਈ। ਪਰਿਵਾਰ ਨੇ ਸਾਲ 2020 ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਮੁਲਜ਼ਮ ਨੂੰ ਜਗਰਾਓਂ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਬੋਪਾਰਾਏ ਕਲਾਂ ਦੇ ਰਹਿਣ ਵਾਲੇ ਰਣਜੀਤ ਸਿੰਘ ਤੇ ਉਸਦੀ ਪਤਨੀ ਨੇ ਦੱਸਿਆ ਕਿ ਓਨਾਂ ਨੇ ਸਾਲ 2019 ਵਿੱਚ ਆਪਣੇ ਬੇਟੇ ਹਰਪ੍ਰੀਤ ਸਿੰਘ ਦਾ ਵਿਆਹ ਬਰਨਾਲਾ ਜਿਲੇ ਦੇ ਪਿੰਡ ਗੁੱਦਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਨਾਲ ਕੀਤਾ ਸੀ ਤੇ ਜਸਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਲਈ 51 ਲੱਖ 60 ਹਜਾਰ ਰੁਪਏ ਦਾ ਖਰਚਾ ਵੀ ਕੀਤਾ ਸੀ। ਪਰ ਜਸਪ੍ਰੀਤ ਕੌਰ ਨੇ ਕੈਨੇਡਾ ਪਹੁੰਚ ਕੇ ਮਹੀਨੇ ਬਾਅਦ ਹੀ ਆਪਣੇ ਰੰਗ ਦਿਖਾਏ ਤੇ ਓਨਾਂ ਦੇ ਬੇਟੇ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਤੇ ਉਸਨੂੰ ਕੈਨੇਡਾ ਵੀ ਨਹੀਂ ਬੁਲਾਇਆ। ਜਿਸਦੇ ਚਲਦੇ ਓਨਾਂ ਨੇ ਸਾਲ 2020 ਵਿੱਚ ਪੁਲੀਸ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ ਤੇ ਅੱਜ ਪੁਲਿਸ ਨੇ ਉਸਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਹੈ ਤੇ ਓਨਾਂ ਦੀ ਮੰਗ ਹੈ ਕਿ ਓਨਾਂ ਦੇ ਪੈਸੇ ਵੀ ਵਾਪਿਸ ਕਰਵਾਏ ਜਾਣ ਤੇ ਇਸਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇ।
ਇਸ ਮੌਕੇ ਇਸ ਪੀੜਿਤ ਪਰਿਵਾਰ ਦੇ ਵਕੀਲ ਅਸ਼ੋਕ ਭੰਡਾਰੀ ਨੇ ਕਿਹਾਕਿ ਓਨਾਂ ਨੇ ਜਸਪ੍ਰੀਤ ਕੌਰ ਨੂੰ ਇੰਡੀਆ ਲਿਆਉਣ ਲਈ ਬੜੀ ਲੰਬੀ ਕਾਨੂੰਨੀ ਲੜਾਈ ਲੜੀ ਤੇ ਹੁਣ ਓੰਨਾ ਨੂੰ ਮਾਣਯੋਗ ਅਦਾਲਤ ਤੇ ਭਰੋਸਾ ਹੈ ਕਿ ਪੀੜਿਤ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ। ਇਸ ਮੌਕੇ ਰਾਏਕੋਟ ਪੁਲਿਸ ਦੇ ਥਾਣੇਦਾਰ ਰਾਜ ਕੁਮਾਰ ਨੇ ਕਿਹਾਕਿ ਉਹ ਇਸ ਲੜਕੀ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕਰਕੇ ਲਿਆਏ ਹਨ ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ ਤੇ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here