ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਮਨ ਕਾਨੂੰਨ ਤੇ ਕਰਜ਼ੇ ਦੇ ਵਧਦੇ ਭਾਰ ਨੂੰ ਲਾ ਕੇ ਪੰਜਾਬ ਸਰਕਾਰ ਨੂੰ ਘੇਰਿਆ ਐ। ਬਠਿੰਡਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਬੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਐ ਅਤੇ ਇਸ ਦੇ ਰਾਜ ਦੌਰਾਨ ਕਰਜੇ ਦਾ ਭਾਰ ਤੇਜ਼ ਰਫਤਾਰ ਨਾਲ ਵੱਧ ਰਿਹਾ ਐ। ਪਿਛਲੀ ਕਾਂਗਰਸ ਸਰਕਾਰ ਵੇਲੇ ਚੁੱਕੇ ਕਰਜੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਜਿਸ ਹਿਸਾਬ ਨਾਲ ਕਰਜਾ ਚੁੱਕ ਰਹੀ ਐ, ਸੂਬਾ ਸਰਕਾਰ ਸਿਰ ਆਉਂਦੇ ਦੋ ਸਾਲਾਂ ਦੌਰਾਨ ਕਰਜੇ ਦੀ ਪੰਜ ਇੰਨੀ ਭਾਰੀ ਹੋ ਜਾਵੇਗੀ, ਜਿਸ ਨੂੰ ਉਤਾਰ ਪਾਉਣਾ ਪੰਜਾਬ ਦੇ ਵੱਸ ਨਹੀਂ ਰਵ੍ਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਔਰਤਾਂ ਤੇ ਬਜ਼ੁਰਗਾਂ ਨਾਲ ਕੀਤਾ ਵਾਅਦਾ ਪੂਰਾ ਕਰਨਾ ਐ, ਜੇਕਰ ਸਰਕਾਰ ਨੇ ਇਹ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਵਿੱਤੀ ਹਾਲਾਤ ਹੋਰ ਬਦਤਰ ਹੋ ਜਾਣਗੇ। ਸਰਕਾਰ ਦੀ ਗੈਂਗਸਟਰਾਂ ਤੇ ਨਸ਼ਿਆਂ ਖਿਲਾਫ ਕਾਰਵਾਈ ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਹਾਲਾਤ ਐਨੇ ਵਿਗੜ ਚੁੱਕੇ ਨੇ ਕਿ ਹੁਣ ਸਰਕਾਰ ਦੀ ਲਿਪਾ-ਪੋਚੀ ਵਾਲੀ ਕਾਰਵਾਈ ਕਾਰਗਰ ਸਾਬਤ ਨਹੀਂ ਹੋਵੇਗੀ। ਰਾਜਾ ਵੜਿੰਗ ਇੱਥੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨਾਲ ਉਨ੍ਹਾਂ ਦੀ ਪਤਨੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਨ ਪਹੁੰਚੇ ਸਨ।