

ਮਾਨਸਾ ਦੇ ਪਿੰਡ ਫਫੜੇ ਭਾਈਕੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਭਾਈ ਬਹਿਲੋ ਵਿਖੇ ਮਾਹੌਲ ਉਸ ਵੇਲੇ ਤਣਾਅ ਵਾਲਾ ਬਣ ਗਿਆ ਜਦੋਂ ਐਸਜੀਪੀਸੀ ਦੀਆਂ ਕਰੀਬ 30 ਗੱਡੀਆਂ ਵਿਚ ਸਵਾਰ ਹੋ ਕੇ ਲੋਕਾਂ ਦਾ ਪਿੰਡ ਵਾਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਦਾ ਇਲਜ਼ਾਮ ਸੀ ਕਿ ਐਸਜੀਪੀਸੀ ਦੇ ਇਹ ਲੋਕ ਗੋਲਕਾਂ ਚੁੱਕਣ ਲਈ ਪਹੁੰਚੇ ਹਨ। ਮੌਕੇ ਤੇ ਪਹੁੰਚੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਕੀਤਾ। ਅਧਿਕਾਰੀਆਂ ਮੁਤਾਬਕ ਮੇਲੇ ਤੋਂ ਬਾਅਦ ਚੜ੍ਹਾਵੇ ਦੀ ਕਾਊਂਟਿੰਗ ਨੂੰ ਲੈ ਕੇ ਵਿਵਾਦ ਹੋਇਆ ਹੈ ਅਤੇ ਹੁਣ 9 ਅਕਤੂਬਰ ਨੂੰ ਮੁੜ ਕਾਊਂਟਿੰਗ ਕਰਵਾਈ ਜਾਵੇਗੀ। ਪਿੰਡ ਵਾਸੀਆਂ ਨੇ ਐਸਜੀਪੀਸੀ ਦੇ ਗੁਰਦੁਆਰਾ ਸਾਹਿਬ ਤੇ ਕਬਜ਼ੇ ਦੀ ਕੋਸ਼ਿਸ਼ ਦੇ ਇਲਜ਼ਾਮ ਵੀ ਲਾਏ ਹਨ।
ਮਾਨਸਾ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਭਾਈ ਬਹਿਲੋ ਪਿੰਡ ਫਫੜੇ ਭਾਈਕੇ ਵਿਖੇ ਅੱਜ ਸਵੇਰੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਐਸਜੀਪੀਸੀ ਦੀਆਂ 30 ਦੇ ਕਰੀਬ ਗੱਡੀਆਂ ਅਤੇ ਭਾਰੀ ਤਾਦਾਦ ਦੇ ਵਿੱਚ ਐਸਜੀਪੀਸੀ ਦੇ ਵਿਅਕਤੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ।
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਬੀਤੇ ਕੱਲ ਬਾਬਾ ਭਾਈ ਬਹਿਲੋ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਮੇਲੇ ਦੀ ਸਮਾਪਤੀ ਹੋਈ ਹੈ। ਅਤੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ ਚੜਾਵੇ ਦੀ ਕਾਊਂਟਿੰਗ ਹੋਣੀ ਸੀ ਪਰ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਹੀ ਐਸਜੀਪੀਸੀ ਦੀਆਂ 30 ਗੱਡੀਆਂ ਅਤੇ ਵੱਡੀ ਤਾਦਾਦ ਦੇ ਵਿੱਚ ਐਸਜੀਪੀਸੀ ਦੇ ਵਿਅਕਤੀ ਰਫਲਾਂ ਅਤੇ ਡਾਂਗਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਗੋਲਕਾਂ ਨੂੰ ਚੁੱਕਣ ਦੇ ਲਈ ਪਹੁੰਚ ਗਏ। ਇਸ ਦਾ ਪਤਾ ਚੱਲਦਾ ਹੀ ਪਿੰਡ ਵਾਸੀ ਵੱਡੀ ਤਾਦਾਦ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਕੇ ਜਿਨਾਂ ਵੱਲੋਂ ਵਿਰੋਧ ਕੀਤਾ ਗਿਆ।
ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਤੇ ਕਾਬੂ ਪਾ ਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਕਮੇਟੀ ਦੋਫਾੜ ਹੋ ਗਈ ਸੀ ਜਿਸ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਐਸਜੀਪੀਸੀ ਨੂੰ ਇਸ ਤੇ ਕਬਜ਼ਾ ਕਰਨ ਦੇ ਲਈ ਉਤਸਾਹਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ 17 ਮੈਂਬਰੀ ਕਮੇਟੀ ਬਣੀ ਹੈ ਜੋ ਇਸ ਦਾ ਪ੍ਰਬੰਧ ਕੀ ਕੰਮ ਚਲਾ ਰਹੀ ਹੈ ਅਤੇ ਸਲਾਨਾ ਮੇਲੇ ਦੀ ਵੀ ਬੀਤੇ ਕੱਲ ਸਮਾਪਤੀ ਹੋਈ ਹੈ ਪਰ ਅੱਜ ਹੈਰਾਨੀ ਉਸ ਸਮੇਂ ਹੋ ਗਈ ਜਦੋਂ ਐਸਜੀਪੀਸੀ ਦੇ ਲੋਕ ਵੱਡੀ ਤਾਦਾਦ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਪਹੁੰਚ ਗਏ। ਉਨ੍ਹਾਂ ਕਿਹਾ ਕਿ ਇਸ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।
ਉਧਰ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਥਿਤੀ ਤੇ ਕਾਬੂ ਪਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਫਿਲਹਾਲ ਮਾਹੌਲ ਤਣਾਅਪੂਰਨ ਹੋ ਗਿਆ ਸੀ ਇੱਕ ਵਾਰ ਉਸ ਨੂੰ ਕੰਟਰੋਲ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਬੀਤੇ ਕੱਲ ਸਮਾਪਤ ਹੋਏ ਬਾਬਾ ਭਾਈ ਬਹਿਲੋ ਜੀ ਦੇ ਸਲਾਨਾ ਮੇਲੇ ਤੋਂ ਬਾਅਦ ਕਾਊਂਟਿੰਗ ਨੂੰ ਲੈ ਕੇ ਬੇਬਾਕ ਸੀ ਜਿਸ ਨੂੰ ਕੰਟਰੋਲ ਕਰ ਲਿਆ ਗਿਆ ਹੈ ਅਤੇ 9 ਤਰੀਕ ਨੂੰ ਮੁੜ ਤੋਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ ਚੜਾਵੇ ਦੀ ਕਾਊਂਟਿੰਗ ਕੀਤੀ ਜਾਵੇਗੀ।

