ਪਟਿਆਲਾ ਅਨਾਜ ਮੰਡੀ ’ਚ ਡਰਾਈਵਰ ਨਾਲ ਕੁੱਟਮਾਰ/ ਟਰੱਕ ਮਾਲਕ ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ/ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ’ਤੇ ਜਾਂਚ ਕੀਤੀ ਸ਼ੁਰੂ

0
2

ਪਟਿਆਲਾ ਦੀ ਅਨਾਜ ਮੰਡੀ ਵਿੱਚ ਟਰੱਕ ਡਰਾਈਵਰ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਡਰਾਈਵਰ ਸੋਨੂੰ ਨੇ ਸਾਹਿਲ ਬੱਗਾ ਅਤੇ ਅਜੇ ਬੱਗਾ ਨਾਮ ਦੇ ਵਿਅਕਤੀਆਂ ’ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਦੂਜੀ ਧਿਰ ਦੇ ਅਜੇ ਬੱਗਾ ਨੇ ਦੋਸ਼ਾਂ ਨੂੰ ਨਕਾਰਦਿਆਂ ਡਰਾਈਵਰ ਉਤੇ ’ਤੇ ਵਿਵਾਦ ਕਰਨ ਦੇ ਇਲਜ਼ਾਮ ਲਗਾਏ। ਦੋਵੇਂ ਧਿਰਾਂ ਨੇ ਪੁਲਿਸ ਤਕ ਪਹੁੰਚ ਕਰ ਕੇ ਇਨਸਾਫ ਮੰਗਿਆ ਹੈ। ਪੁਲਿਸ ਨੇ ਦੋਵੇਂ ਪੱਖਾਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਰੱਕ ਡਰਾਈਵਰ ਸੋਨੂੰ ਨੇ ਦੋਸ਼ ਲਗਾਇਆ ਕਿ ਸਾਹਿਲ ਬੱਗਾ ਅਤੇ ਅਜੇ ਬੱਗਾ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ। ਉਸਦਾ ਕਹਿਣਾ ਹੈ ਕਿ ਉਹ ਗੱਡੀ ਸਬੰਧੀ ਮਾਮਲੇ ਨੂੰ ਲੈ ਕੇ ਅਨਾਜ ਮੰਡੀ ਵਿੱਚ ਮੌਜੂਦ ਸੀ, ਜਿੱਥੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਡਰਾਈਵਰ ਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਵੀ ਕਹੀ ਹੈ। ਦੂਜੇ ਪਾਸੇ ਅਜੇ ਬੱਗਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੋਨੂੰ ਉਸ ਕੋਲ ਕਰੀਬ ਛੇ-ਸੱਤ ਮਹੀਨਿਆਂ ਤੋਂ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਉਸਦੇ ਮੁਤਾਬਕ ਗੱਡੀ ਖਾਲੀ ਆਉਣ ਤੋਂ ਬਾਅਦ ਉਹ ਡਰਾਈਵਰ ਤੋਂ ਹਿਸਾਬ ਲੈਣ ਲਈ ਗਿਆ ਸੀ। ਅਜੇ ਬੱਗਾ ਦਾ ਦੋਸ਼ ਹੈ ਕਿ ਉੱਥੇ ਉਸਨੇ ਆਪਣੇ ਡਰਾਈਵਰ ਨੂੰ ਕਥਿਤ ਤੌਰ ’ਤੇ ਕੁੱਟਿਆ ਹੋਇਆ ਦੇਖਿਆ ਅਤੇ ਜਦੋਂ ਉਹ ਮਾਮਲੇ ਬਾਰੇ ਪੁੱਛਣ ਗਿਆ ਤਾਂ ਦੂਜੇ ਪੱਖ ਵੱਲੋਂ ਉਸ ਨਾਲ ਵੀ ਵਿਵਾਦ ਹੋਇਆ।
ਅਜੇ ਬੱਗਾ ਨੇ ਇਹ ਵੀ ਕਿਹਾ ਕਿ ਉਸਦਾ ਡਰਾਈਵਰ ਬਾਅਦ ਵਿੱਚ ਲਾਪਤਾ ਹੈ ਅਤੇ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਨੇ ਡਰਾਈਵਰ ਨੂੰ ਤਨਖਾਹ ਨਾ ਦੇਣ ਦੇ ਦੋਸ਼ਾਂ ਤੋਂ ਵੀ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਭੁਗਤਾਨ ਨਾਲ ਸਬੰਧਤ ਸਬੂਤ ਮੌਜੂਦ ਹਨ। ਅਨਾਜ ਮੰਡੀ ਥਾਣੇ ਦੇ ਐਸਐਚਓ ਮੁਤਾਬਕ ਪੁਲਿਸ ਕੋਲ ਅਰਜਨ ਨਾਮ ਦੇ ਵਿਅਕਤੀ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ, ਜਿਸ ਵਿੱਚ ਡਰਾਈਵਰ ਨਾਲ ਹੋਏ ਝਗੜੇ ਅਤੇ ਦੋ ਵਿਅਕਤੀਆਂ ਦੇ ਨਾਮ ਦਿੱਤੇ ਗਏ ਹਨ। ਪੁਲਿਸ ਅਨੁਸਾਰ ਹਾਲੇ ਤੱਕ ਹਸਪਤਾਲ ਵੱਲੋਂ ਕੁੱਟਮਾਰ ਸਬੰਧੀ ਕੋਈ ਇਤਲਾਹ ਪ੍ਰਾਪਤ ਨਹੀਂ ਹੋਈ।
ਐਸਐਚਓ ਨੇ ਕਿਹਾ ਕਿ ਦੋਵੇਂ ਪੱਖਾਂ ਨੂੰ ਪੁਲਿਸ ਵੱਲੋਂ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਦੋਂ ਵੀ ਉਹ ਥਾਣੇ ਆਉਣਗੇ, ਮਾਮਲੇ ਦੇ ਤੱਥਾਂ ਅਤੇ ਜਾਂਚ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਵਾਦ ਦਾ ਹੱਲ ਕੁੱਟਮਾਰ ਰਾਹੀਂ ਕਰਨਾ ਗਲਤ ਹੈ। ਜੇਕਰ ਕਿਸੇ ਪੱਖ ਨੂੰ ਕੋਈ ਸ਼ਿਕਾਇਤ ਹੈ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here