ਪੰਜਾਬ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦਾ ਹੋਇਆ ਅੰਤਮ ਸਸਕਾਰ/ਪੋਸਟਮਾਰਟਮ ਤੋਂ ਬਾਅਦ ਗਮਗੀਨ ਮਾਹੌਲ ’ਚ ਅੰਤਿਮ ਵਿਦਾਈ By admin - October 4, 2026 0 3 Facebook Twitter Pinterest WhatsApp ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕੰਟੈਂਟ ਕ੍ਰੀਏਟਰ ਮੈਡ ਸੰਧੂ ਦੇ ਬੇਵਕਤੀ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਜੱਦੀ ਇਲਾਕੇ ਵਿੱਚ ਡੂੰਘਾ ਸੋਗ ਛਾਇਆ ਹੋਇਆ ਹੈ। ਪੁਲਿਸ ਅਤੇ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਇਸ ਤੋਂ ਬਾਅਦ ਸ਼ਮਸ਼ਾਨਘਾਟ ਵਿੱਚ ਗਮਗੀਨ ਮਾਹੌਲ ਦੌਰਾਨ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਵਿਦਾਈ ਦੇ ਸਮੇਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਥਾਨਕ ਲੋਕਾਂ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ। ਆਪਣੇ ਚਹੇਤੇ ਕਲਾਕਾਰ ਨੂੰ ਅੰਤਿਮ ਵਿਦਾਈ ਦਿੰਦਿਆਂ ਹਰ ਅੱਖ ਨਮ ਦਿਖਾਈ ਦਿੱਤੀ। ਪੋਸਟਮਾਰਟਮ ਹਾਊਸ ਅਤੇ ਅੰਤਿਮ ਸੰਸਕਾਰ ਵਾਲੀ ਥਾਂ ’ਤੇ ਮੌਜੂਦ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਰਿਸ਼ਤੇਦਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣਾ ਦਰਦ ਸਾਂਝਾ ਕੀਤਾ। ਮੈਡ ਸੰਧੂ ਦੇ ਛੋਟੇ ਭਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਡ ਸੰਧੂ ਉਨ੍ਹਾਂ ਲਈ ਸਿਰਫ਼ ਵੱਡੇ ਭਰਾ ਹੀ ਨਹੀਂ, ਸਗੋਂ ਹਰ ਸੁੱਖ-ਦੁੱਖ ਵਿੱਚ ਸਭ ਤੋਂ ਵੱਡਾ ਸਹਾਰਾ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੇ ਆਪਣੇ ਭਰਾ ਕੋਲ ਕੋਈ ਮੰਗ ਰੱਖੀ, ਤਾਂ ਉਨ੍ਹਾਂ ਨੇ ਬਿਨਾਂ ਕਿਸੇ ਇਨਕਾਰ ਦੇ ਤੁਰੰਤ ਪੂਰੀ ਕੀਤੀ। ਭਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਸਿਰ ਤੋਂ ਵੱਡੇ ਭਰਾ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ ਹੈ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮੈਡ ਸੰਧੂ ਦੇ ਕਰੀਅਰ ਨੂੰ ਜਲਦ ਹੀ ਇੱਕ ਨਵਾਂ ਮੁਕਾਮ ਮਿਲਣ ਵਾਲਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਆਉਣ ਵਾਲੀ 29 ਤਾਰੀਖ ਨੂੰ ਚਰਚਿਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ਵਿੱਚ ਸ਼ਾਮਲ ਹੋਣ ਵਾਲੇ ਸਨ। ਪਰਿਵਾਰ ਇਸ ਗੱਲ ਤੋਂ ਬੇਹੱਦ ਦੁਖੀ ਹੈ ਕਿ ਜਿਸ ਪੁੱਤਰ ਦੇ ਕਰੀਅਰ ਦੀ ਨਵੀਂ ਉਡਾਣ ਸ਼ੁਰੂ ਹੋਣ ਵਾਲੀ ਸੀ, ਉਸ ਦੇ ਸੁਪਨੇ ਇਸ ਤਰ੍ਹਾਂ ਵਿਚਕਾਰ ਹੀ ਚਕਨਾਚੂਰ ਹੋ ਗਏ। ਜਦੋਂ ਪਰਿਵਾਰਕ ਮੈਂਬਰਾਂ ਤੋਂ ਪੁੱਛਿਆ ਗਿਆ ਕਿ ਕੀ ਮੈਡ ਸੰਧੂ ਨੂੰ ਪਹਿਲਾਂ ਤੋਂ ਕਿਸੇ ਕਿਸਮ ਦਾ ਡਰ ਜਾਂ ਧਮਕੀਆਂ ਮਿਲ ਰਹੀਆਂ ਸਨ, ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸੰਧੂ ਨੇ ਕਦੇ ਵੀ ਕਿਸੇ ਡਰ, ਵਿਵਾਦ ਜਾਂ ਧਮਕੀ ਬਾਰੇ ਉਨ੍ਹਾਂ ਨੂੰ ਨਹੀਂ ਦੱਸਿਆ ਸੀ। ਪਰਿਵਾਰ ਮੁਤਾਬਕ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਦੇ ਨਾਲ-ਨਾਲ ਉਹ ਆਪਣਾ ਸੈਲੂਨ ਦਾ ਕਾਰੋਬਾਰ ਵੀ ਸੰਭਾਲ ਰਹੇ ਸਨ ਅਤੇ ਪੂਰੀ ਤਰ੍ਹਾਂ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਸਨ। ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਨਿੱਜੀ ਜਾਂ ਕਾਰੋਬਾਰੀ ਦੁਸ਼ਮਣੀ ਨਹੀਂ ਸੀ। ਇਸ ਦੁਖਦਾਈ ਅਤੇ ਅਣਹੋਣੀ ਘਟਨਾ ’ਤੇ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਰੋਸ ਅਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ’ਤੇ ਭਰੋਸਾ ਜਤਾਇਆ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਂਦਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।