ਮੋਗਾ CIA ਸਟਾਫ ਦੀ ਵੱਡੀ ਕਾਰਵਾਈ/ 12 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ/ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਦਾ ਸ਼ੱਕ

0
3

 

ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ CIA ਸਟਾਫ ਨੇ ਵੱਡੀ ਕਾਰਵਾਈ ਕਰਦਿਆਂ 12 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਬਿਨਾਂ ਨੰਬਰ ਦੀ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਤਿੰਨਾਂ ਖ਼ਿਲਾਫ਼ ਥਾਣਾ ਅਜੀਤਵਾਲ ਵਿਖੇ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ SP-D ਅਜੈ ਰਾਜ ਨੇ ਦੱਸਿਆ ਕਿ CIA ਸਟਾਫ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਅਜੀਤਵਾਲ ਦੀ ਦਾਣਾ ਮੰਡੀ ਵਿੱਚ ਇੱਕ ਬਿਨਾਂ ਨੰਬਰ ਦੀ ਸਵਿਫਟ ਕਾਰ ਖੜ੍ਹੀ ਹੈ, ਜਿਸ ਵਿੱਚ ਨਸ਼ੇ ਦੀ ਖੇਪ ਮੌਜੂਦ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 12 ਕਿਲੋ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਹੈਰੋਇਨ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੋਲਬ ਸਿੰਘ ਅਤੇ ਬਲਜਿੰਦਰ ਸਿੰਘ ਵਾਸੀ ਜ਼ਿਲ੍ਹਾ ਫਾਜ਼ਿਲਕਾ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਬੋਡੇ, ਥਾਣਾ ਬੱਧਨੀ ਕਲਾਂ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਫਾਜ਼ਿਲਕਾ ਵਾਸੀ ਦੋਵੇਂ ਮੁਲਜ਼ਮ ਮੋਗਾ ਵਿੱਚ ਮਨਪ੍ਰੀਤ ਸਿੰਘ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆਏ ਸਨ। ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਪਾਕਿਸਤਾਨ ਤੋਂ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਸਕਰੀ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਹੈਰੋਇਨ ਦੀ ਸਪਲਾਈ, ਇਸ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਪੂਰੇ ਨੈੱਟਵਰਕ ਸਬੰਧੀ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here