ਪਟਿਆਲਾ ’ਚ ਨੌਜਵਾਨ ’ਤੇ ਨਸ਼ਾ ਤਸਕਰਾਂ ਦਾ ਹਮਲਾ/ ਨਸ਼ਿਆਂ ਖਿਲਾਫ ਬੋਲਣ ਦੀ ਰੰਜ਼ਿਸ਼ ਤਹਿਤ ਬਣਾਇਆ ਨਿਸ਼ਾਨਾ/ ਗੰਭੀਰ ਹਾਲਤ ’ਚ ਹਸਪਤਾਲ ਕਰਵਾਇਆ ਦਾਖਲ

0
2

ਪਟਿਆਲਾ ਦੇ ਜੱਟਾ ਵਾਲਾ ਚੌਂਤਰਾ ਨੇੜੇ ਗੁਰਦੇਵ ਐਨਕਲੇਵ ਵਿੱਚ ਨਸ਼ਾ ਵੇਚਣ ਦਾ ਵਿਰੋਧ ਕਰਨ ਵਾਲੇ ਇੱਕ ਨੌਜਵਾਨ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਤ ਨੌਜਵਾਨ ਮੁਤਾਬਕ ਉਸ ਨੇ ਇਲਾਕੇ ਵਿਚ ਨਸ਼ੇ ਵਿੱਕਣ ਦਾ ਵਿਰੋਧ ਕੀਤਾ ਸੀ ਜਿਸ ਦੀ ਰੰਜ਼ਿਸ਼ ਤਹਿਤ ਇਹ ਹਮਲਾ ਕੀਤਾ ਗਿਆ ਹੈ। ਪੀੜਤ ਦਾ ਇਲਜ਼ਾਮ ਹੈ ਕਿ ਇਸ ਦੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਪੀੜਤ ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਇਲਾਕੇ ਵਿੱਚ ਕੁਝ ਲੋਕਾਂ ਵੱਲੋਂ ਕਥਿਤ ਤੌਰ ’ਤੇ ਨਸ਼ਾ ਵੇਚਿਆ ਜਾਂਦਾ ਹੈ। ਇਲਾਕਾ ਵਾਸੀਆਂ ਵੱਲੋਂ ਕਈ ਵਾਰ ਇਸ ਦਾ ਵਿਰੋਧ ਕਰਦਿਆਂ ਨਸ਼ਾ ਵੇਚਣ ਦਾ ਕੰਮ ਬੰਦ ਕਰਨ ਲਈ ਕਿਹਾ ਗਿਆ, ਪਰ ਉਸ ਦੇ ਅਨੁਸਾਰ ਕੋਈ ਅਸਰ ਨਹੀਂ ਹੋਇਆ।
ਪੀੜਤ ਦਾ ਦਾਅਵਾ ਹੈ ਕਿ ਉਸ ਕੋਲ ਨਸ਼ਾ ਖਰੀਦਣ ਲਈ ਆਉਣ ਵਾਲੇ ਕੁਝ ਨੌਜਵਾਨਾਂ ਅਤੇ ਲੜਕੀਆਂ ਦੀਆਂ ਵੀਡੀਓਜ਼ ਵੀ ਮੌਜੂਦ ਹਨ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਪੀੜਤ ਦੇ ਮੁਤਾਬਕ, ਜਦੋਂ ਪੁਲਿਸ ਪਾਰਟੀ ਕਥਿਤ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਪਹੁੰਚੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਬੀਤੀ ਰਾਤ ਜਦੋਂ ਨੌਜਵਾਨ ਆਪਣੇ ਘਰ ਦੇ ਬਾਹਰ ਬੈਠਾ ਸੀ ਤਾਂ ਕਥਿਤ ਤੌਰ ’ਤੇ 10 ਤੋਂ 15 ਵਿਅਕਤੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਉਸ ਨੇ ਇਲਾਕੇ ਵਿੱਚ ਕਥਿਤ ਨਸ਼ਾ ਤਸਕਰੀ ਦੀ ਵੀ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਤੇ ਦੋਸ਼ਾਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।

LEAVE A REPLY

Please enter your comment!
Please enter your name here