ਪੰਜਾਬ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਤੇ ਵਰ੍ਹੇ ਗੁਰਜੀਤ ਔਜਲਾ/ ਸਰਪੰਚਾਂ ’ਤੇ ਹਮਲੇ ਦੀਆਂ ਘਟਨਾਵਾਂ ਨੂੰ ਲੈ ਕੇ ਸਾਧੇ ਨਿਸ਼ਾਨੇ/ ਸਰਪੰਚ ਦੀ ਮੌਤ ਮਾਮਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ By admin - September 28, 2026 0 2 Facebook Twitter Pinterest WhatsApp ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਵਿਗੜ ਰਹੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸੂਬਾ ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਸਰਪੰਚਾਂ ’ਤੇ ਹੋ ਰਹੇ ਹਮਲਿਆਂ, ਪ੍ਰਸ਼ਾਸਨਿਕ ਬੇਨਿਯਮੀਆਂ ਅਤੇ ਚੋਣ ਪ੍ਰਕਿਰਿਆ ਵਿੱਚ ਕਥਿਤ ਹੇਰਾਫੇਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਲੋਕਾਂ ਤੋਂ ਲੈ ਕੇ ਚੁਣੇ ਹੋਏ ਨੁਮਾਇੰਦਿਆਂ ਤੱਕ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੂਕ ਦਰਸ਼ਕ ਬਣਿਆ ਹੋਇਆ ਹੈ। ਉਨ੍ਹਾਂ ਸਰਪੰਚ ਕੁਲਜੀਤ ਸਿੰਘ ਦੀ ਸ਼ੱਕੀ ਹਾਲਤਾ ਵਿਚ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸਰਪੰਚ ਕੁਲਜੀਤ ਸਿੰਘ ਦੀ ਮੌਤ ਉਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਕੁਲਜੀਤ ਸਿੰਘ 21 ਤਾਰੀਖ ਨੂੰ ਲਾਪਤਾ ਹੋਏ ਸਨ ਅਤੇ 23 ਤਾਰੀਖ ਨੂੰ ਉਨ੍ਹਾਂ ਦੀ ਲਾਸ਼ ਬਰਾਮਦ ਹੋਈ। ਉਹ ਸਾਬਕਾ ਫੌਜੀ ਸਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਦੇਸ਼ ਸੇਵਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾ ਪੁੱਤਰ ਫੌਜ ਵਿੱਚ ਹੈ, ਜਦਕਿ ਇੱਕ ਭਰਾ ਫੌਜ ਵਿੱਚ ਅਤੇ ਦੂਜਾ ਬੀਐਸਐਫ ਵਿੱਚ ਸੇਵਾ ਨਿਭਾ ਚੁੱਕਾ ਹੈ। ਔਜਲਾ ਨੇ ਦੋਸ਼ ਲਗਾਇਆ ਕਿ ਗੁੰਮਸ਼ੁਦਗੀ ਦੌਰਾਨ 14 ਤੋਂ 15 ਘੰਟਿਆਂ ਤੱਕ ਮੋਬਾਈਲ ਦੀ ਲੋਕੇਸ਼ਨ ਚਾਲੂ ਰਹਿਣ ਦੇ ਬਾਵਜੂਦ ਪੁਲਿਸ ਉਨ੍ਹਾਂ ਦੀ ਭਾਲ ਕਰਨ ਵਿੱਚ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਜਦੋਂ ਲਾਸ਼ ਬਰਾਮਦ ਹੋਈ ਤਾਂ ਹਾਲਾਤ ਸਪੱਸ਼ਟ ਤੌਰ ’ਤੇ ਇਸ਼ਾਰਾ ਕਰ ਰਹੇ ਸਨ ਕਿ ਲਾਸ਼ ਨੂੰ ਉੱਥੇ ਲਿਆ ਕੇ ਸੁੱਟਿਆ ਗਿਆ ਅਤੇ ਇਸ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਪੋਸਟਮਾਰਟਮ ਸਮੇਂ ਸਰੀਰ ਪੂਰੀ ਤਰ੍ਹਾਂ ਕਾਲਾ ਪੈ ਚੁੱਕਾ ਸੀ ਅਤੇ ਪਛਾਣ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ। ਔਜਲਾ ਨੇ ਕਿਹਾ ਕਿ ਪਰਿਵਾਰ ਨੂੰ ਗੰਭੀਰ ਸ਼ੱਕ ਹੈ ਕਿ ਇਹ ਮੌਤ ਪੁਲਿਸ ਹਿਰਾਸਤ ਜਾਂ ਪੁਲਿਸ ਦੀ ਮਿਲੀਭੁਗਤ ਨਾਲ ਹੋਈ ਹੈ। ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕਰਨਗੇ ਅਤੇ ਪੂਰੇ ਮਾਮਲੇ ਦੀ ਨਿਰਪੱਖ ਸੀਬੀਆਈ ਜਾਂਚ ਦੀ ਮੰਗ ਕਰਨਗੇ। ਸੂਬੇ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ-ਵਿਵਸਥਾ ’ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਚੁਣੇ ਹੋਏ ਸਰਪੰਚਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਤਰਨਤਾਰਨ ਅਤੇ ਅੰਮ੍ਰਿਤਸਰ ਬਾਈਪਾਸ ਸਥਿਤ ਇੱਕ ਰਿਸੋਰਟ ਵਿੱਚ ਸਰਪੰਚਾਂ ’ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਇਸ ਤੋਂ ਇਲਾਵਾ ਸੈਦੋਗੋਗਾ ਅਤੇ ਮੈਲਾਵਾਲਾ ਪਿੰਡ ਦੇ ਸਾਬਕਾ ਸਰਪੰਚ ਰਾਕੇਸ਼ ਕੁਮਾਰ ਸਮੇਤ ਕਈ ਲੋਕਾਂ ਨੂੰ ਲਗਾਤਾਰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਛੋਟੇ-ਛੋਟੇ ਦੁਕਾਨਦਾਰਾਂ ਨੂੰ ਇੱਕ ਤੋਂ ਤਿੰਨ ਲੱਖ ਰੁਪਏ ਤੱਕ ਦੀ ਫਿਰੌਤੀ ਲਈ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਇੰਡੀਅਨ ਯੂਥ ਕਾਂਗਰਸ ਦੀ ਕੌਮੀ ਸਕੱਤਰ ਨਵਨੀਤ ਕੌਰ ਦੇ ਪਿੰਡ ਸੈਦੋਲੇਲ, ਥਾਣਾ ਤਰਸਿੱਕਾ ਸਥਿਤ ਘਰ ’ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ। ਔਜਲਾ ਨੇ ਕਿਹਾ ਕਿ ਹਮਲਾਵਰ ਘਰ ਵਿੱਚ ਦਾਖਲ ਹੋਏ, ਪਿਸਤੌਲ ਕੱਢੀ ਅਤੇ ਉਨ੍ਹਾਂ ਦੀ ਮਾਤਾ ਨਾਲ ਕੁੱਟਮਾਰ ਕੀਤੀ। ਪਿੰਡ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਔਜਲਾ ਨੇ ਦੋਸ਼ ਲਗਾਇਆ ਕਿ ਜਦੋਂ ਸੱਤਾਧਾਰੀ ਪਾਰਟੀ ਦੇ ਆਗੂ ਮੰਚਾਂ ਤੋਂ ਗੈਂਗਸਟਰਾਂ ਦੀ ਤਾਰੀਫ਼ ਕਰਨਗੇ ਤਾਂ ਅਪਰਾਧੀਆਂ ਦੇ ਹੌਸਲੇ ਬੁਲੰਦ ਹੋਣਾ ਸੁਭਾਵਿਕ ਹੈ। ਉਨ੍ਹਾਂ ਐਲਪੀਯੂ ਅਤੇ ਗਮਾਡਾ ਦਫ਼ਤਰ ਵਿੱਚ ਹੋਈ ਭੰਨਤੋੜ ਅਤੇ ਹੁੜਦੰਗ ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ।