ਪੰਜਾਬ ਆਪ ਆਗੂ ਬਲਤੇਜ ਪੰਨੂ ਦੀ ਚਾਵਲਾ ਮਾਮਲੇ ਨੂੰ ਲੈ ਕੇ ਪ੍ਰੈੱਸ ਕਨਫਰੰਸ/ ਐਸਜੀਪੀਸੀ ਪ੍ਰਧਾਨ ਧਾਮੀ ਤੇ ਅਕਾਲੀ ਲੀਡਰਸ਼ਿਪ ਵੱਲ ਨਿਸ਼ਾਨਾ/ ਕਮੇਟੀ ਬਣਾ ਕੇ ਲਿਪਾਪੋਚੀ ਦੇ ਇਲਜ਼ਾਮ By admin - September 25, 2026 0 3 Facebook Twitter Pinterest WhatsApp ਆਪ ਪੰਜਾਬ ਤੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪ੍ਰੈੱਸ ਕਾਨਫਰੰਸ ਕਰ ਕੇ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਘੇਰਿਆ ਹੈ। ਬਲਤੇਜ ਪੰਨੂ ਨੇ ਕਿਹਾ ਕਿ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਨੂੰ ਪੰਥ ‘ਚੋਂ ਛੇਕ ਦਿੱਤਾ ਗਿਆ ਹੈ ਪਰ ਐਸਜੀਪੀਸੀ ਨੇ ਇਸ ਬਾਰੇ ਗੁਰਧਾਮਾਂ ਦੇ ਬਾਹਰ ਬੋਰਡ ਨਹੀਂ ਲਗਾਏ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪਹਿਲਾਂ ਅਜਿਹਾ ਕਰਦੀ ਰਹੀ ਹੈ ਪਰ ਇਸ ਵਾਰ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਐਸਜੀਪੀਸੀ ਮੈਂਬਰਾਂ ਨੂੰ ਸਰਾਵਾਂ ਵਿਚ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਸਵਾਲ ਪੁਛਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਮਾਮਲੇ ਨੂੰ ਲਿਪਾ-ਪੋਚੀ ਕਰਨ ਦੀ ਕੋਸ਼ਿਸ਼ ਵਿਚ ਹੈ ਪਰ ਸਿੱਖ ਸੰਗਤ ਅਜਿਹਾ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਲੇਪਾਪੋਚੀ ਦੇ ਮਕਸਦ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵੱਲੋਂ ਜਾਂਚ ਕਮੇਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਮੇਟੀ ਸਿਰਫ਼ ਇੱਕ ਦਿਖਾਵਾ ਹੈ ਅਤੇ ਇਸ ਦਾ ਅਸਲ ਮਕਸਦ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਬਜਾਏ ਇਲਜ਼ਾਮੀਆਂ ਨੂੰ ਬਚਾਉਣਾ ਅਤੇ ਲੋਕਾਂ ਦਾ ਧਿਆਨ ਭਟਕਾਉਣਾ ਹੈ। ਕਮੇਟੀ ਦੇ ਗਠਨ ਅਤੇ ਇਸ ਦੇ ਮੈਂਬਰਾਂ ਦੇ ਕਿਰਦਾਰ ਉੱਤੇ ਉਂਗਲ ਉਠਾਉਂਦਿਆਂ ਉਨ੍ਹਾਂ ਸਵਾਲ ਕੀਤਾ ਕਿ ਜਿਸ ਵਿਅਕਤੀ ਨੇ ਖ਼ੁਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਰੋਕਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ, ਉਸ ਨੂੰ ਹੀ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਕਿਉਂ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਵਿੱਚ ਕੋਈ ਵੀ ਕਾਨੂੰਨੀ ਜਾਂ ਤਕਨੀਕੀ ਪੱਖਾਂ ਦਾ ਜਾਣਕਾਰ ਸ਼ਾਮਲ ਨਹੀਂ ਹੈ, ਕੀ ਸਿੱਖ ਭਾਈਚਾਰੇ ਵਿੱਚ ਕੋਈ ਰਿਟਾਇਰਡ ਜੱਜ ਜਾਂ ਗੁਰਸਿੱਖ ਪੁਲਿਸ ਅਧਿਕਾਰੀ ਨਹੀਂ ਸੀ ਜਿਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ। ਪ੍ਰਧਾਨ ਧਾਮੀ ਨੂੰ ਘੇਰਦਿਆਂ ਉਨ੍ਹਾਂ ਪੁੱਛਿਆ ਕਿ ਕੀ ਇਹ ਬਣਾਈ ਗਈ ਕਮੇਟੀ ਪ੍ਰਧਾਨ ਧਾਮੀ ਨੂੰ ਸਰਾਂ ਵਿੱਚ ਇਕੱਲੀ ਮਹਿਲਾ ਦੀ ਇੰਨੇ ਲੰਮੇ ਸਮੇਂ ਲਈ ਹੋਈ ਰਿਹਾਇਸ਼ ਅਤੇ ਉਸ ਨੂੰ ਮੁਹੱਈਆ ਕਰਵਾਏ ਗਏ ਕਰ ਸੇਵਾ ਦੇ ਡਰਾਈਵਰਾਂ ਬਾਰੇ ਪੁੱਛਣ ਦੀ ਹਿੰਮਤ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਕੀ ਕਮੇਟੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸਰਬਜੀਤ ਸਿੰਘ ਝਿੰਜਰ ਵੱਲੋਂ ਉਸ ਮਹਿਲਾ ਨੂੰ ਬਹਿਰੀਨ ਤੋਂ ਲਿਆਉਣ ਲਈ ਲਵਾਈ ਗਈ ਟਿਕਟ ਬਾਰੇ ਕੋਈ ਪੁੱਛਗਿੱਛ ਕਰੇਗੀ। ਉਨ੍ਹਾਂ ਇਲਜ਼ਾਮ ਲਾਇਆ ਕਿ ਚਾਵਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਜਵਾਬਦੇਹੀ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਧਾਮੀ ਅਤੇ ਪੂਰਾ ਬਾਦਲ ਪਰਿਵਾਰ ਮੀਡੀਆ ਦੇ ਤਿੱਖੇ ਸਵਾਲਾਂ ਤੋਂ ਡਰ ਕੇ ਭੱਜ ਰਿਹਾ ਹੈ ਅਤੇ ਗੁਪਤ ਤਰੀਕੇ ਨਾਲ ਕਮੇਟੀ ਬਣਾ ਕੇ 15 ਦਿਨਾਂ ਦਾ ਸਮਾਂ ਇਸੇ ਲਈ ਦਿੱਤਾ ਗਿਆ ਹੈ ਤਾਂ ਜੋ ਲੋਕ ਇਸ ਮਾਮਲੇ ਨੂੰ ਭੁੱਲ ਜਾਣ। ਉਨ੍ਹਾਂ ਸ਼ੰਕਾ ਜਤਾਈ ਕਿ ਕੀ ਕੋਈ ਛੋਟੇ ਦਰਜੇ ਦਾ ਸ਼੍ਰੋਮਣੀ ਕਮੇਟੀ ਮੈਂਬਰ, ਪ੍ਰਧਾਨ ਧਾਮੀ ਜਾਂ ਸੁਖਬੀਰ ਸਿੰਘ ਬਾਦਲ ਵਰਗੇ ਵੱਡੇ ਸਿਆਸਤਦਾਨਾਂ ਨੂੰ ਸਵਾਲ ਕਰਨ ਦੀ ਹਿੰਮਤ ਕਰ ਸਕਦਾ ਹੈ। ਉਨ੍ਹਾਂ ਨੇ ਸਿੱਖ ਬੁੱਧੀਜੀਵੀ ਵਰਗ ਅਤੇ ਨੌਜਵਾਨਾਂ ਨੂੰ ਇਸ ਬਾਰੇ ਆਵਾਜ਼ ਬੁਲੰਦ ਕਰਨ ਅਤੇ ਸਵਾਲ ਪੁੱਛਣ ਦੀ ਅਪੀਲ ਕੀਤੀ ਤਾਂ ਜੋ ਕੁਰਬਾਨੀਆਂ ਨਾਲ ਬਣੀਆਂ ਸੰਸਥਾਵਾਂ ਨੂੰ ਬਚਾਇਆ ਜਾ ਸਕੇ।