ਮੋਗਾ ਰੈਲੀ ਨੂੰ ਲੈ ਕੇ ਔਰਤਾਂ ਦਾ ਅਕਾਲੀ ਦਲ ’ਤੇ ਪਲਟਵਾਰ/ ਮਾਵਾਂ-ਧੀਆਂ ਨੂੰ ਇਨਸਾਫ ਧਰਨੇ ’ਤੇ ਚੁੱਕੇ ਸਵਾਲ/ ਬਹਿਰੀਨ ਵਾਲੀ ਬੀਬੀ ਨੂੰ ਇਨਸਾਫ ਦਿਵਾਉਣ ਦੀ ਕੀਤੀ ਮੰਗ

0
2

ਅਕਾਲੀ ਦਲ ਵੱਲੋਂ ਮੋਗਾ ਵਿਖੇ ‘ਮਾਵਾਂ-ਧੀਆਂ ਨੂੰ ਇਨਸਾਫ ਦਿਵਾਓ, ਪੰਜਾਬ ਬਚਾਓ’ ਦੇ ਬੈਨਰ ਹੇਠ ਕੀਤੇ ਪ੍ਰਦਰਸ਼ਨ ਦੇ ਮੁੱਦੇ ’ਤੇ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਨਾਲ ਸਬੰਧਤ ਮਹਿਲਾਵਾਂ ਨੇ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਦੇ ਬਿਆਨਾਂ ਨੂੰ ਲੈ ਕੇ ਪਲਟਵਾਰ ਕੀਤਾ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਮਹਿਲਾਵਾਂ ਨੂੰ ਸਤਿਕਾਰ ਨੂੰ ਲੈ ਕੇ ਸਰਕਾਰ ਨੂੰ ਭੰਡਿਆ ਜਾ ਰਿਹਾ ਹੈ ਪਰ ਇਨ੍ਹਾਂ ਦੀ ਆਪਣੀ ਸਰਕਾਰ ਵੇਲੇ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ। ਮਹਿਲਾਵਾਂ ਨੇ ਕਿਹਾ ਕਿ ਜੇਕਰ ਹਰਸਿਮਰਤ ਕੌਰ ਬਾਦਲ ਨੂੰ ਔਰਤਾਂ ਦੀ ਐਨੀ ਹੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਬਹਿਰੀਨ ਤੋਂ ਆਈ ਬੀਬੀ ਨੂੰ ਇਨਸਾਫ ਦਿਵਾਉਣ ਬਾਰੇ ਵੀ ਬੋਲਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ‘ਮਾਵਾਂ-ਧੀਆਂ ਨੂੰ ਇਨਸਾਫ ਦਿਵਾਓ, ਪੰਜਾਬ ਬਚਾਓ’ ਦੇ ਬੈਨਰ ਹੇਠ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਘਾਪੁਰਾਣਾ ਅਤੇ ਮੋਗਾ ਦੀ ਦਾਣਾ ਮੰਡੀ ਵਿੱਚ ਵੱਡੇ ਧਰਨੇ ਕੀਤੇ ਗਏ ਸਨ। ਇਨ੍ਹਾਂ ਧਰਨਿਆਂ ਵਿੱਚ ਸ਼ਮੂਲੀਅਤ ਕਰਦਿਆਂ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ’ਤੇ ਮਹਿਲਾਵਾਂ ਅਤੇ ਨਸ਼ਿਆਂ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਵਾਲ ਚੁੱਕੇ। ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਜੁੜੀਆਂ ਮਹਿਲਾਵਾਂ ਨੇ ਪਲਟਵਾਰ ਕੀਤਾ ਹੈ।
ਆਪ ਆਗੂਆਂ ਨੇ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਾਅਵਿਆਂ ’ਤੇ ਤੰਜ ਕੱਸਦਿਆਂ ਸਵਾਲ ਕੀਤਾ ਕਿ ਜੇਕਰ ਮਹਿਲਾਵਾਂ ਦੇ ਮਾਣ-ਸਤਿਕਾਰ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਮਹਿਲਾਵਾਂ ਨੂੰ ਕਿਹੋ ਜਿਹਾ ਸਤਿਕਾਰ ਮਿਲਿਆ। ਮਹਿਲਾਵਾਂ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਧਰਨੇ ਦਾ ਵਿਰੋਧ ਕਰਨ ਜਾਂ ਉਸ ਨੂੰ ਰੋਕਣ ਲਈ ਨਹੀਂ ਆਈਆਂ, ਸਗੋਂ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਪੁੱਛਣ ਲਈ ਆਪਣੀ ਆਵਾਜ਼ ਬੁਲੰਦ ਕਰਨ ਆਈਆਂ ਹਨ।
ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮਾਵਾਂ-ਧੀਆਂ ਨੂੰ ਸਤਿਕਾਰ ਨਾ ਮਿਲਣ ਦੇ ਦੋਸ਼ ਲਗਾਏ ਜਾ ਰਹੇ ਹਨ, ਪਰ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਮਹਿਲਾਵਾਂ ਨੂੰ ਕਿਹੜਾ ਮਾਣ-ਸਤਿਕਾਰ ਦਿੱਤਾ ਗਿਆ। ‘ਆਪ’ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਮੌਜੂਦਾ ਸਰਕਾਰ ਦੌਰਾਨ ਮਹਿਲਾਵਾਂ ਨੂੰ ਰਾਜਨੀਤਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਪਹਿਲਾਂ ਨਾਲੋਂ ਵੱਧ ਸਰਗਰਮ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵਿੱਚ ਛੋਟੇ ਤੋਂ ਛੋਟੇ ਅਹੁਦੇ ’ਤੇ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਵੀ ਸਤਿਕਾਰ ਨਾਲ ਦੇਖਿਆ ਜਾਂਦਾ ਹੈ ਅਤੇ ਇਹ ਸਿਰਫ਼ ਬਿਆਨਾਂ ਜਾਂ ਜੁਮਲੇਬਾਜ਼ੀ ਤੱਕ ਸੀਮਤ ਨਹੀਂ ਹੈ।
ਮਹਿਲਾਵਾਂ ਨੇ ਸਰਕਾਰ ਵੱਲੋਂ ਮਹਿਲਾਵਾਂ ਲਈ ਚਲਾਈਆਂ ਜਾ ਰਹੀਆਂ ਵਿੱਤੀ ਸਹਾਇਤਾ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਦਿੱਤੀ ਜਾ ਰਹੀ ਆਰਥਿਕ ਮਦਦ ਨੂੰ ਉਹ ਸਿਰਫ਼ ਵਿੱਤੀ ਸਹਾਇਤਾ ਨਹੀਂ, ਸਗੋਂ ਮਹਿਲਾਵਾਂ ਦੇ ਸਨਮਾਨ ਅਤੇ ਉਨ੍ਹਾਂ ਦੀਆਂ ਘਰੇਲੂ ਲੋੜਾਂ ਵਿੱਚ ਸਹਾਇਤਾ ਵਜੋਂ ਵੀ ਦੇਖਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮਦਦ ਨਾਲ ਕਈ ਪਰਿਵਾਰਾਂ ਦੇ ਘਰੇਲੂ ਖਰਚਿਆਂ ਵਿੱਚ ਸਹਾਰਾ ਮਿਲਦਾ ਹੈ।
ਆਪ ਆਗੂ ਮਹਿਲਾ ਕੋਮਲ ਨੇ ਕਿਹਾ ਕਿ ਉਹ ਹਰਸਿਮਰਤ ਕੌਰ ਬਾਦਲ ਨੂੰ ਪੁੱਛਣਾ ਚਾਹੁੰਦੀ ਹੈ ਕਿ ਉਹ ਮਹਿਲਾਵਾਂ ਦੇ ਸਤਿਕਾਰ ਦੀ ਗੱਲ ਕਰ ਰਹੇ ਹਨ ਤਾਂ ਦੱਸਣ ਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਮਾਵਾਂ-ਭੈਣਾਂ ਨੂੰ ਕਿੰਨਾ ਮਾਣ-ਸਤਿਕਾਰ ਮਿਲਿਆ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਮਹਿਲਾਵਾਂ ਰਾਜਨੀਤਕ ਰੈਲੀਆਂ ਅਤੇ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਨਹੀਂ ਲੈਂਦੀਆਂ ਸਨ, ਪਰ ਹੁਣ ਉਹ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਹਨ।
ਆਪ ਆਗੂ ਸੁਖਵਿੰਦਰ ਕੌਰ ਨੇ ਕਿਹਾ ਕਿ ਉਹ ਅੱਜ ਸੜਕਾਂ ’ਤੇ ਕਿਸੇ ਧਿਰ ਦਾ ਵਿਰੋਧ ਕਰਨ ਲਈ ਨਹੀਂ, ਸਗੋਂ ਆਪਣੇ ਸਵਾਲ ਰੱਖਣ ਲਈ ਉਤਰੀਆਂ ਹਨ। ਉਨ੍ਹਾਂ ਹਰਸਿਮਰਤ ਕੌਰ ਬਾਦਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹ ਇਨਸਾਫ ਦੀ ਗੱਲ ਕਰਦੇ ਹਨ ਤਾਂ ਪਹਿਲਾਂ ਮਹਿਲਾਵਾਂ ਨਾਲ ਜੁੜੇ ਮਾਮਲਿਆਂ ਵਿੱਚ ਇਨਸਾਫ ਦਿਵਾਉਣ ਲਈ ਠੋਸ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਮੌਜੂਦਾ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੇ ਜਾ ਰਹੇ ਮਾਣ-ਸਤਿਕਾਰ ਕਾਰਨ ਹੀ ਵੱਡੀ ਗਿਣਤੀ ਵਿੱਚ ਮਹਿਲਾਵਾਂ ਰਾਜਨੀਤਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਹੋ ਰਹੀਆਂ ਹਨ। ‘ਆਪ’ ਮਹਿਲਾਵਾਂ ਨੇ ਕਿਹਾ ਕਿ ਉਹ ਹਰਸਿਮਰਤ ਕੌਰ ਬਾਦਲ ਦੇ ਧਰਨੇ ਅਤੇ ਉਨ੍ਹਾਂ ਦੇ ਸਿਆਸੀ ਰੁਖ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ ਅਤੇ ਚਾਹੁੰਦੀਆਂ ਹਨ ਕਿ ਮਹਿਲਾਵਾਂ ਦੇ ਸਤਿਕਾਰ ਦੇ ਮੁੱਦੇ ’ਤੇ ਦੋਵੇਂ ਪੱਖਾਂ ਦੇ ਦਾਅਵਿਆਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ।

LEAVE A REPLY

Please enter your comment!
Please enter your name here