
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਭਤੀਜੇ ਦੇ ਘਰ ਈਡੀ ਦੇ ਛਾਪੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਹਰਦੀਪ ਮੁੰਡੀਆਂ ਨੇ ਕਿਹਾ ਕਿ ਈਡੀ ਅਧਿਕਾਰੀਆਂ ਨੇ ਛਾਪੇ ਦੇ ਅੱਧੇ ਘੰਟੇ ਦੌਰਾਨ ਹੀ ਘਰ ਦੀ ਪੂਰੀ ਤਲਾਸ਼ੀ ਲੈ ਲਈ ਗਈ ਸੀ ਪਰ ਉਹ ਕਾਫੀ ਦੇਰ ਤਕ ਘਰ ਅੰਦਰ ਮੌਜੂਦ ਔਰਤਾਂ ਤੇ ਬੱਚਿਆਂ ਨੂੰ ਪ੍ਰੇਸ਼ਾਨ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਘਰ ਅੰਦਰ ਮੌਜੂਦ ਛੋਟੇ ਬੱਚੇ ਨੂੰ ਫੀਡ ਨਹੀਂ ਦੇਣ ਦਿੱਤੀ ਗਈ। ਘਰ ਅੰਦਰ ਮੌਜੂਦ ਬਜ਼ੁਰਗ ਮਾਤਾ ਤੇ ਗਰਭਵਤੀ ਮਹਿਲਾ ਤੇ ਵਿਧਵਾ ਔਰਤ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਈਡੀ ਟੀਮ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਘਰ ਦੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ ਸਨ।
ਭਾਜਪਾ ਆਗੂ ਰਵਨੀਤ ਬਿੱਟੂ ਦੇ ਬਿਆਨਾਂ ’ਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਉਨ੍ਹਾਂ ਬਾਰੇ ਗਲਤ-ਬਿਆਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਮੌਜੂਦ ਹਨ ਅਤੇ ਅਮਰੀਕਾ ਨਹੀਂ ਗਏ। ਬਿੱਟੂ ਵੱਲੋਂ ਉਨ੍ਹਾਂ ਦੇ ਵਿਦੇਸ਼ ਜਾਣ ਦੇ ਦਾਅਵੇ ’ਤੇ ਮੁੰਡੀਆਂ ਨੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਲੱਗਦਾ ਹੈ ਬਿੱਟੂ ਨੇ ਉਨ੍ਹਾਂ ਦੇ ਘਰ ਨੇੜੇ ਟਰੈਵਲ ਏਜੰਸੀ ਖੋਲ੍ਹ ਲਈ ਹੈ, ਜਿੱਥੋਂ ਉਨ੍ਹਾਂ ਨੇ ਮੇਰੇ ਅਤੇ ਮੇਰੇ ਭਤੀਜੇ ਲਈ ਟਿਕਟਾਂ ਬੁੱਕ ਕੀਤੀਆਂ ਅਤੇ ਸਾਨੂੰ ਅਮਰੀਕਾ ਭੇਜ ਦਿੱਤਾ।
ਮੁੰਡੀਆਂ ਨੇ ਕਿਹਾ ਕਿ ਬਿੱਟੂ ਨੇ ਉਨ੍ਹਾਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਉਰਫ਼ ਪ੍ਰਿੰਸ ਨੂੰ ਭਾਣਜਾ ਦੱਸਿਆ ਹੈ ਜਦਕਿ ਉਹ ਉਨ੍ਹਾਂ ਦਾ ਭਤੀਜਾ ਹੈ। ਉਨ੍ਹਾਂ ਆਰੋਪ ਲਾਇਆ ਕਿ ਇਸ ਮਾਮਲੇ ਵਿੱਚ ਮੀਡੀਆ ਸਾਹਮਣੇ ਵੀ ਗਲਤ ਜਾਣਕਾਰੀ ਦਿੱਤੀ ਗਈ। ਮੁੰਡੀਆਂ ਨੇ ਆਰੋਪ ਲਾਇਆ ਕਿ ED ਦੀ ਕਾਰਵਾਈ ਦੌਰਾਨ ਉਨ੍ਹਾਂ ਦੇ ਭਤੀਜੇ ਦੇ ਪਰਿਵਾਰ ਨੂੰ ਕਈ ਘੰਟਿਆਂ ਤੱਕ ਪਰੇਸ਼ਾਨ ਕੀਤਾ ਗਿਆ। ਘਰ ਵਿੱਚ ਪ੍ਰਿੰਸ ਦੀ ਮਾਂ, ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।
ਕੈਬਨਿਟ ਮੰਤਰੀ ਮੁੰਡੀਆਂ ਨੇ ਦੋਸ਼ ਲਾਇਆ ਕਿ ਪਰਿਵਾਰਕ ਮੈਂਬਰਾਂ ਤੋਂ ਉਨ੍ਹਾਂ ਨਾਲ ਸਬੰਧਾਂ ਅਤੇ ਤਨਖਾਹ ਬਾਰੇ ਸਵਾਲ ਕੀਤੇ ਗਏ ਅਤੇ ਮੇਰੇ ਪਾਰਟੀ ਛੱਡਣ ਲਈ ਦਬਾਅ ਬਣਾਇਆ ਗਿਆ। ਮੁੰਡੀਆਂ ਨੇ ਕਿਹਾ ਕਿ ਉਹ ED ਦੀ ਕਾਰਵਾਈ ਤੋਂ ਡਰ ਕੇ ਪਾਰਟੀ ਨਹੀਂ ਛੱਡਣਗੇ ਅਤੇ ਕੇਂਦਰ ਸਰਕਾਰ ’ਤੇ ਕੇਂਦਰੀ ਏਜੰਸੀਆਂ ਦੇ ਧੱਕੇ ਦਾ ਡੱਕ ਕੇ ਮੁਕਾਬਲਾ ਕਰਨਗੇ।


