ਪੰਜਾਬ ਜਲੰਧਰ ’ਚ ਫਾਸਟ ਫੂਡ ਦੀ ਦੁਕਾਨ ’ਤੇ ਹਮਲਾ/ ਨਿਹੰਗ ਬਾਣੇ ’ਚ ਆਏ ਹਮਲਾਵਰਾਂ ਨੇ ਕੀਤੀ ਭੰਨਤੋੜ/ ਘਟਨਾ ਸੀਸੀਟੀਵੀ ਚ ਕੈਦ, ਪੁਲਿਸ ਕਰ ਰਹੀ ਜਾਂਚ By admin - June 12, 2025 0 8 Facebook Twitter Pinterest WhatsApp ਜਲੰਧਰ ਦੇ ਮਿਲਾਪ ਚੌਂਕ ਵਿਖੇ ਸਥਿਤ ਦੁੱਗਲ ਚਾਪ ਨਾਮ ਦੀ ਫਾਸਟ ਫੂਡ ਦੀ ਦੁਕਾਨ ਤੇ ਨਿਹੰਗ ਬਾਣੇ ਵਿਚ ਆਏ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਐ। ਹਮਲੇ ਦੀ ਵਜ੍ਹਾ ਖਾਣ-ਪੀਣ ਦੇ ਸਾਮਾਨ ਦੇ ਆਰਡਰ ਵਿਚ ਦੇਰੀ ਦੱਸਿਆ ਜਾ ਰਿਹਾ ਐ। ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ, ਜਿਸ ਵਿਚ ਨੰਗੀਆਂ ਤਲਵਾਰਾਂ ਨਾਲ ਲੈਸ ਵਿਅਕਤੀ ਧਮਕੀਆਂ ਦਿੰਦੇ ਅਤੇ ਭੰਨਤੋੜ ਕਰਦੇ ਦਿਖਾਈ ਦੇ ਰਹੇ ਨੇ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਥਾਣਾ ਮੌਕੇ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਹੈ। ਇਸ ਦੇ ਬਾਵਜੂਦ, ਹਮਲਾਵਰ ਨੰਗੀਆਂ ਤਲਵਾਰਾਂ ਲਹਿਰਾਉਂਦੇ ਦਿਖਾਈ ਦਿੱਤੇ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰਾਹੁਲ ਨਾਮ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਬੀਤੇ ਦਿਨ ਦੁਕਾਨਦਾਰ ਦਾ ਆਰਡਰ ਨੂੰ ਲੈ ਕੇ ਕੁੱਝ ਲੋਕਾਂ ਤਕਰਾਰ ਹੋਈ ਸੀ, ਇਸੇ ਨੂੰ ਲੈ ਕੇ ਦਰਜਨ ਦੇ ਕਰੀਬ ਹਮਲਾਵਰਾਂ ਨੇ ਇਹ ਹਮਲਾ ਕੀਤਾ ਐ। ਨਿਹੰਗ ਬਾਣੇ ਵਿੱਚ ਆਏ ਹਮਲਾਵਰਾਂ ਨੇ ਦੁਕਾਨ ਵਿੱਚ ਦਾਖਲ ਹੋ ਕੇ ਭੰਨਤੋੜ ਕੀਤੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਤਿੰਨ-ਚਾਰ ਦਿਨ ਪਹਿਲਾਂ ਕੁਝ ਨੌਜਵਾਨ ਉਸਦੀ ਦੁਕਾਨ ‘ਤੇ ਚਾਪ ਖਾਣ ਆਏ ਸਨ। ਆਰਡਰ ਵਿੱਚ ਦੇਰੀ ਨੂੰ ਲੈ ਕੇ ਉਨ੍ਹਾਂ ਨਾਲ ਬਹਿਸ ਕਰਨ ਲੱਗੇ। ਦੋਵਾਂ ਧਿਰਾਂ ਵਿਚਕਾਰ ਬਹਿਸ ਤੋਂ ਬਾਅਦ ਮਾਮਲਾ ਸੁਲਝ ਗਿਆ। ਇਸ ਤੋਂ ਬਾਅਦ ਅੱਜ 12 ਤੋਂ 15 ਨੌਜਵਾਨਾਂ ਨੇ ਆ ਕੇ ਦੁਕਾਨ ‘ਤੇ ਹਮਲਾ ਕਰ ਦਿੱਤਾ। ਪੀੜਤ ਨੇ ਦੋਸ਼ ਲਗਾਇਆ ਕਿ ਹਮਲੇ ਤੋਂ ਬਾਅਦ ਹਮਲਾਵਰ ਉਸ ਦੇ ਗਲੇ ‘ਚੋਂ ਸੋਨੇ ਦੀ ਚੇਨ ਖੋਹ ਕੇ ਭੱਜ ਗਏ। ਪੀੜਤ ਦਾ ਕਹਿਣਾ ਹੈ ਕਿ ਅਪਰਾਧ ਕਰਨ ਤੋਂ ਪਹਿਲਾਂ ਉਸਨੂੰ ਕਿਸ਼ਨਪੁਰਾ ਦੇ ਇੱਕ ਵਿਅਕਤੀ ਦਾ ਫੋਨ ਵੀ ਆਇਆ ਸੀ। ਫੋਨ ‘ਤੇ ਉਸ ਵਿਅਕਤੀ ਨੇ ਕਿਹਾ ਸੀ ਕਿ ਉਸਨੂੰ ਦੁਕਾਨ ਤੋਂ ਇੱਕ ਪਾਸੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਹਮਲਾਵਰ ਹਮਲਾ ਕਰਨ ਦੀ ਨੀਅਤ ਨਾਲ ਦੁਕਾਨ ‘ਤੇ ਆ ਰਹੇ ਸਨ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਤਿੰਨ ਪੀੜਤ ਭਰਾਵਾਂ ਦੇ ਬਿਆਨ ਦਰਜ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਲਦੀ ਹੀ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।